ਸ਼ਰਧਾਲੂਆਂ ਲਈ ਤੋਹਫਾ, ਭੈਰੋਘਾਟੀ ਰੋਪਵੇਅ 25 ਦਸੰਬਰ ਤੋਂ ਹੋਵੇਗੀ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਸਾਲ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਕ੍ਰਿਸਮਸ ਮੌਕੇ ਖ਼ਾਸ ਤੋਹਫਾ ਮਿਲਣ ਜਾ ਰਿਹਾ ਹੈ। ਆਮ ਲੋਕਾਂ ਲਈ ਰੋਪਵੇਅ ਸੇਵਾ ਸ਼ੁਰੂ ਕਰ ਦਿਤੀ ਜਾਵੇਗੀ।

Shri Mata Vaishno Devi Shrine Board

ਜੰਮੂ, ( ਪੀਟੀਆਈ) : ਵੈਸ਼ਣੋ ਦੇਵੀ ਭਵਨ ਤੋਂ ਲਗਭਗ ਤਿੰਨ ਕਿਲੋਮੀਟਰ ਦੀ ਸਿੱਧੀ ਅਤੇ ਔਖੀ ਚੜ੍ਹਾਈ ਤੋਂ ਬਾਅਦ ਸ਼ਰਧਾਲੂ ਭੈਰੋਨਾਥ ਦੇ ਮੰਦਰ ਪਹੁੰਚਦੇ ਹਨ। ਇਸ ਵਿਚ ਪੈਦਲ ਅਤੇ ਘੋੜਿਆਂ ਰਾਹੀਂ ਯਾਤਰੀਆਂ ਅਤੇ ਸਮਾਨ ਨੂੰ ਲਿਜਾਇਆ ਜਾਂਦਾ ਹੈ। ਭੈਰੋਘਾਟੀ ਦੀ ਚੜ੍ਹਾਈ ਵੈਸ਼ਣੋ ਦੇਵੀ ਯਾਤਰਾ ਵਿਚ ਸੱਭ ਤੋਂ ਔਖੀ ਮੰਨੀ ਜਾਂਦੀ ਹੈ। ਇਸੇ ਕਾਰਨ ਵੱਡੀ ਗਿਣਤੀ ਵਿਚ ਸ਼ਰਧਾਲੂ ਵੈਸ਼ਣੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਚਲੇ ਜਾਂਦੇ ਹਨ। ਪਰ ਹਰ ਸਾਲ ਵੈਸ਼ਣੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਕ੍ਰਿਸਮਸ ਮੌਕੇ ਖ਼ਾਸ ਤੋਹਫਾ ਮਿਲਣ ਜਾ ਰਿਹਾ ਹੈ। ਆਮ ਲੋਕਾਂ ਲਈ ਰੋਪਵੇਅ ਸੇਵਾ ਸ਼ੁਰੂ ਕਰ ਦਿਤੀ ਜਾਵੇਗੀ।

ਇਹ ਸੇਵਾ ਵੈਸ਼ਣੋ ਦੇਵੀ ਦਰਬਾਰ ਤੋਂ ਭੈਰੋਨਾਥ ਮੰਦਰ ਤੱਕ ਮਿਲੇਗੀ। ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਸੀਈਓ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਰੋਪਵੇਅ ਸੇਵਾ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਆਸ ਹੈ। ਇਸ ਦਾ ਉਦਘਾਟਨ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਦੇ ਚੇਅਰਮੈਨ ਅਤੇ ਰਾਜਪਾਲ ਕਰਨਗੇ। ਵੈਸ਼ਣੋ ਦੇਵੀ ਦਰਬਾਰ ਤੋਂ ਭੈਰੋਨਾਥ ਦੀ ਯਾਤਰਾ ਰੋਪਵੇਅ ਰਾਹੀਂ ਕਰਨ ਲਈ ਸਿਰਫ 100 ਰੁਪਏ ਦੇਣੇ ਪੈਣਗੇ। ਇਸ ਨਾਲ ਯਾਤਰੀ ਸਿਰਫ 5 ਮਿੰਟਾਂ ਵਿਚ ਪਹੁੰਚ ਜਾਣਗੇ। ਇਸ ਵਿਚ ਪ੍ਰਤੀ ਇਕ ਘੱਟੇ ਵਿਚ 800 ਯਾਤਰੀਆਂ ਨੂੰ ਭਵਨ ਤੋਂ ਸਿੱਧੇ ਭੈਰੋ ਮੰਦਰ ਤੱਕ ਲੈ ਜਾਣ ਦੀ ਸਮਰਥਾ ਹੋਵੇਗੀ।

ਪੈਦਲ ਯਾਤਰਾ ਵਿਚ ਦੋ ਘੰਟੇ ਦਾ ਸਮਾਂ ਲਗਦਾ ਸੀ ਅਤੇ ਘੋੜੇ ਰਾਹੀਂ 300 ਤੋਂ 500 ਰੁਪਏ ਯਾਤਰੀਆਂ ਨੂੰ ਦੇਣੇ ਪੈ ਰਹੇ ਸੀ। ਦੱਸ ਦਈਏ ਕਿ ਇਹ ਯੋਜਨਾ 75 ਕਰੋੜ ਦੀ ਲਾਗਤ ਨਾਲ ਚਾਰ ਸਾਲਾਂ ਵਿਚ ਪੂਰੀ ਹੋਈ ਹੈ। ਇਸ ਨੂੰ ਸਵੀਜ਼ਰਲੈਡ ਦੀ ਗਵਰਨਮੈਂਟ ਆਫ ਏਜੀ ਅਤੇ ਦਾਮੋਦਰ ਰੋਪਵੇਅ ਦੇ ਮਾਹਿਰਾਂ ਅਤੇ ਇੰਜੀਨੀਅਰਾਂ ਨੇ ਪੂਰਾ ਕੀਤਾ ਹੈ। ਰੋਪਵੇਅ ਨੂੰ ਸ਼ੁਰ ਕਰਨ ਤੋਂ ਇਕ ਦਿਨ ਪਹਿਲਾਂ ਇਸ ਦਾ ਫਾਈਨਲ ਟ੍ਰਾਇਲ ਕਰਕੇ ਦੇਖਿਆ ਜਾਵੇਗਾ।