ਪਿਤਾ ਨੇ ਪੁੱਤਰ ਦਾ ਨਾਂਅ ਰੱਖਿਆ ‘ਕਾਂਗਰਸ’, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰ ਕੋਈ ਕਿਸੇ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ ਤਿਆਰ ਰਹਿੰਦਾ ਹੈ।

Photo

ਨਵੀਂ ਦਿੱਲੀ: ਹਰ ਕੋਈ ਕਿਸੇ ਪ੍ਰਤੀ ਆਪਣਾ ਪਿਆਰ ਦਿਖਾਉਣ ਲਈ ਤਿਆਰ ਰਹਿੰਦਾ ਹੈ। ਚਾਹੇ ਇਸ ਨੂੰ ਜ਼ਾਹਰ ਕਰਨ ਦਾ ਤਰੀਕਾ ਕੋਈ ਵੀ ਹੋਵੇ। ਰਾਜਸਥਾਨ ਦੇ ਉਦੈਪੁਰ ਵਿਚ ਇਕ ਕਾਂਗਰਸੀ ਵਰਕਰ ਨੇ ਵੀ ਪਾਰਟੀ ਪ੍ਰਤੀ ਆਪਣਾ ਪਿਆਰ ਵਿਲੱਖਣ ਢੰਗ ਨਾਲ ਜ਼ਾਹਰ ਕੀਤਾ ਹੈ। ਉਦੈਪੁਰ ਦੇ ਵਸਨੀਕ ਵਿਨੋਦ ਜੈਨ ਨੇ ਆਪਣੇ ਬੇਟੇ ਦਾ ਨਾਮ ਕਾਂਗਰਸ ਜੈਨ ਰੱਖਿਆ ਹੈ, ਜੋ ਹੁਣ ਪੂਰੇ ਦੇਸ਼ ਵਿਚ ਸੁਰਖੀਆਂ ਬਟੋਰ ਰਿਹਾ ਹੈ।

ਰਾਜਸਥਾਨ ਦੇ ਉਦੈਪੁਰ ਦੇ ਕਾਂਗਰਸੀ ਵਰਕਰ ਵਿਨੋਦ ਜੈਨ ਨੂੰ ਇਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਅਤੇ ਜਦੋਂ ਉਸ ਨੇ ਆਪਣੇ ਪੁੱਤਰ ਦਾ ਨਾਮ ਰੱਖਣ ਬਾਰੇ ਸੋਚਿਆ ਤਾਂ ਸਭ ਤੋਂ ਪਹਿਲਾਂ ਉਸ ਦੇ ਮਨ ਵਿਚ ਪਾਰਟੀ ਦਾ ਨਾਮ ਆਇਆ। ਇਸ ਤੋਂ ਬਾਅਦ ਉਸ ਨੇ ਬੇਟੇ ਦਾ ਨਾਮ ਪਾਰਟੀ ਦੇ ਨਾਮ ‘ਤੇ ਹੀ ਰੱਖਿਆ।

ਸਥਾਨਕ ਸਰਕਾਰ ਵੱਲੋਂ ਬਣਾਏ ਗਏ ਜਨਮ ਸਰਟੀਫਿਕੇਟ ਵਿਚ ਬੱਚੇ ਦਾ ਅਧਿਕਾਰਤ ਨਾਮ ਕਾਂਗਰਸ ਜੈਨ ਹੀ ਰੱਖਿਆ ਗਿਆ ਹੈ। ਪੁੱਤਰ ਦੇ ਜਨਮ ਨਾਲ ਜੁੜੀ ਸਾਰੀ ਜਾਣਕਾਰੀ ਜਨਮ ਸਰਟੀਫਿਕੇਟ ਵਿਚ ਦਿੱਤੀ ਗਈ ਹੈ। ਉਦੈਪੁਰ ਜ਼ਿਲ੍ਹੇ ਦੀ ਅੰਬੇਰੀ ਤਹਿਸੀਲ ਦੇ ਵਸਨੀਕ ਵਿਨੋਦ ਜੈਨ ਇਕ ਕਾਂਗਰਸੀ ਵਰਕਰ ਹਨ।

ਵਿਨੋਦ ਜੈਨ ਦੇ ਬੇਟੇ ਦਾ ਜਨਮ 18 ਜੁਲਾਈ 2019 ਨੂੰ ਹੋਇਆ ਸੀ। ਜ਼ਿਲ੍ਹੇ ਦੇ ਮੈਡੀਕਲ ਕਾਲਜ ਵਿਚ ਜੰਮੇ ਬੇਟੇ ਨੂੰ ਕਾਂਗਰਸ ਨਾਮ ਦਿੱਤਾ ਗਿਆ ਹੈ। ਬੱਚੇ ਦਾ ਜਨਮ ਜੁਲਾਈ ਵਿਚ ਹੋਇਆ ਹੋਇਆ ਸੀ ਪਰ ਜਨਮ ਸਰਟੀਫਿਕੇਟ 21 ਜਨਵਰੀ 2020 ਨੂੰ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰ੍ਹਾਂ ਦੇ ਨਾਂਅ ਰੱਖੇ ਗਏ ਹੋਣ।

ਇਸ ਤੋਂ ਪਹਿਲਾਂ ਜਦੋਂ 2016 ਵਿਚ ਨੋਟਬੰਦੀ ਲਾਗੂ ਕੀਤੀ ਗਈ ਸੀ ਤਾਂ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿਚ ਇਕ ਬੱਚੇ ਦਾ ਨਾਮ ‘ਖਜਾਨਚੀ’ ਰੱਖਿਆ ਗਿਆ ਸੀ। ਹਾਲ ਹੀ ਵਿਚ ਜਦੋਂ ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕੀਤਾ ਤਾਂ ਦਿੱਲੀ ਵਿਚ ਰਹਿਣ ਵਾਲੇ ਇਕ ਪਾਕਿਸਤਾਨੀ-ਹਿੰਦੂ ਰਿਫਿਊਜੀ ਪਰਿਵਾਰ ਨੇ ਅਪਣੀ ਧੀ ਦਾ ਨਾਮ ਹੀ ‘ਨਾਗਰਿਕਤਾ’ ਰੱਖ ਦਿੱਤਾ ਸੀ।