ਹਾਈ ਕਮਾਂਡ ਵਲੋਂ ਪੰਜਾਬ ਕਾਂਗਰਸ ਦੀਆਂ ਸਾਰੀਆਂ ਕਮੇਟੀਆਂ ਭੰਗ!

ਏਜੰਸੀ

ਖ਼ਬਰਾਂ, ਪੰਜਾਬ

ਪਾਰਟੀ ਅੰਦਰ 'ਤੂਫ਼ਾਨ' ਤੋਂ ਪਹਿਲਾਂ ਵਾਲੀ 'ਸ਼ਾਂਤੀ' ਵਰਗੇ ਹਾਲਾਤ!

file photo

ਚੰਡੀਗੜ੍ਹ: ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਕਾਂਗਰਸ ਦੀਆਂ ਸਾਰੀਆਂ ਸੂਬਾਈ ਅਤੇ ਜ਼ਿਲ੍ਹਾ ਜਥੇਬੰਦੀਆਂ ਸਮੇਤ  ਸਾਰੀਆਂ ਕਮੇਟੀਆਂ ਨੂੰ ਭੰਗ ਕਰ ਦਿਤਾ ਗਿਆ ਹੈ। ਕਾਂਗਰਸ ਹਾਈ ਕਮਾਂਡ ਵਲੋਂ ਜਾਰੀ ਕੀਤੇ ਹੁਕਮਾਂ ਮੁਤਾਬਕ ਸਿਰਫ਼ ਸੁਨੀਲ ਜਾਖੜ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹਿਣਗੇ ਜਦਕਿ ਸੂਬੇ ਦੀਆਂ ਬਾਕੀ ਸਾਰੀਆਂ ਕਾਂਗਰਸੀ ਕਮੇਟੀਆਂ ਨੂੰ ਤੁਰਤ ਪ੍ਰਭਾਵ ਤਹਿਤ ਰੱਦ ਕਰ ਦਿਤਾ ਗਿਆ ਹੈ।

ਪੀਸੀਸੀ ਵਿਚ ਹੋਣ ਜਾ ਰਹੀ ਇਸ ਤਬਦੀਲੀ ਨੂੰ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕਥਿਤ ਟਕਰਾਅ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਇਹ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਬਾਅਦ ਆਇਆ ਹੈ। ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਵਿਖੇ ਸੋਨੀਆ ਗਾਂਧੀ ਨਾਲ ਖ਼ਾਸ ਮੁਲਾਕਾਤ ਕੀਤੀ ਗਈ ਸੀ।

ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਫੇਰੀ ਤੋਂ ਬਾਅਦ ਕਾਂਗਰਸ ਹਾਈ ਕਮਾਂਡ ਵਲੋਂ ਲਏ ਗਏ ਇਸ ਅਹਿਮ ਫ਼ੈਸਲੇ ਨੇ ਸਿਆਸੀ ਗਲਿਆਰਿਆਂ ਅੰਦਰ ਨਵੀਂ ਚਰਚਾ ਛੇੜ ਦਿਤੀ ਹੈ। ਅੰਦਰ ਦੀਆਂ ਕਨਸੋਆਂ ਅਨੁਸਾਰ ਪਾਰਟੀ ਅੰਦਰ ਕਿਸੇ ਵੱਡੇ ਫੇਰ-ਬਦਲ ਦੀਆਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਹਨ।

ਕੈਪਟਨ ਦੀ ਦਿੱਲੀ ਫੇਰੀ ਤੋਂ ਪਹਿਲਾਂ ਵੀ ਕਿਆਸ-ਅਰਾਈਆਂ ਦਾ ਬਾਜ਼ਾਰ ਗਰਮ ਸੀ। ਜਿਸ ਤਰ੍ਹਾਂ ਪਿਛਲੇ ਦਿਨਾਂ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵਿਚਕਾਰ ਤਲਖ-ਬਿਆਨੀ ਸ਼ੁਰੂ ਹੋ ਗਈ ਸੀ, ਉਸ ਤੋਂ ਕੈਪਟਨ ਦੀ ਦਿੱਲੀ ਫੇਰੀ ਨੂੰ ਅਹਿਮ ਮੰਨਿਆ ਜਾ ਰਿਹਾ ਸੀ।

ਸੋਨੀਆ ਗਾਂਧੀ ਨਾਲ ਕੈਪਟਨ ਦੀ ਮਿਲਣੀ ਤੋਂ ਬਾਅਦ ਜਿਸ ਤਰ੍ਹਾਂ ਇਕਦਮ ਪੰਜਾਬ ਕਾਂਗਰਸ ਦੀਆਂ ਸਮੂਹ ਕਮੇਟੀਆਂ ਨੂੰ ਭੰਗ ਕਰਨ ਦਾ ਹਾਈ ਕਮਾਂਡ ਵਲੋਂ ਫੁਰਮਾਨ ਜਾਰੀ ਹੋਇਆ ਹੈ, ਉਸ ਨਾਲ ਭਾਵੇਂ ਕਾਂਗਰਸ ਦੇ ਸਿਆਸੀ ਗਲਿਆਰਿਆਂ ਅੰਦਰ ਸੰਨਾਟਾ ਛਾਇਆ ਹੋਇਆ ਹੈ, ਪਰ ਸਿਆਸਤ 'ਤੇ ਤਿਰਛੀ ਨਜ਼ਰ ਰੱਖਣ ਵਾਲੇ ਇਸ ਨੂੰ 'ਤੂਫ਼ਾਨ' ਤੋਂ ਪਹਿਲਾਂ ਵਾਲੀ 'ਸ਼ਾਂਤੀ' ਨਾਲ ਜੋੜ ਕੇ ਵੇਖ ਰਹੇ ਹਨ। ਹੁਣ ਸਭ ਦੀਆਂ ਨਜ਼ਰਾਂ ਆਉਣ ਵਾਲੇ ਦਿਨਾਂ 'ਚ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਕਾਂਗਰਸ ਦੀਆਂ ਕਮੇਟੀਆਂ ਦੇ ਨਵੇਂ ਸਿਰੇ ਤੋਂ ਮੁੜ ਗਠਨ ਵੱਲ ਲੱਗੀਆਂ ਹੋਈਆਂ ਹਨ।