ਕਸ਼ਮੀਰ ਮੁੱਦੇ ‘ਤੇ ਤੀਜੇ ਪੱਖ ਦੀ ਜਰੂਰਤ ਨਹੀਂ: ਭਾਰਤ ਵਿਦੇਸ਼ ਮੰਤਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਨਾਇਟੇਡ ਸਟੇਟ ਆਫ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ ਵਿਚੋਲਗੀ...

Ravish Kumar

ਨਵੀਂ ਦਿੱਲੀ: ਯੂਨਾਇਟੇਡ ਸਟੇਟ ਆਫ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਸ਼ਮੀਰ ਵਿਚੋਲਗੀ ਦੇ ਬਿਆਨ ‘ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈੱਸ ਕਾਂਨਫਰੰਸ ਕਰਕੇ ਜਵਾਬ ਦਿੱਤਾ।

ਉਨ੍ਹਾਂ ਕਿਹਾ ਕਿ ਕਸ਼ਮੀਰ ‘ਤੇ ਸਾਡਾ ਸਟੈਂਡ ਸਾਫ ਹੈ। ਅਸੀਂ ਫਿਰ ਤੋਂ ਸਾਫ਼ ਕਰਨਾ ਚਾਹੁੰਦੇ ਹਾਂ ਕਿ ਇਸ ਮਾਮਲੇ 'ਚ ਕਿਸੇ ਵੀ ਤੀਜੇ ਪੱਖ ਨੂੰ ਦਖਲ ਦੇਣ ਦੀ ਜ਼ਰੂਰਤ ਨਹੀਂ ਹੈ। ਰਵੀਸ਼ ਕੁਮਾਰ ਨੇ ਅੱਗੇ ਕਿਹਾ ਕਿ ਜੇਕਰ ਪਾਕਿਸਤਾਨ, ਭਾਰਤ ਨਾਲ ਸ਼ਾਂਤੀਪੂਰਨ ਸਬੰਧ ਚਾਹੁੰਦਾ ਹੈ ਤਾਂ ਅਤਿਵਾਦੀ ਗਰੁੱਪ ਖਿਲਾਫ ਐਕਸ਼ਨ ਕਿਉਂ ਨਹੀਂ ਲੈ ਰਿਹਾ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਦੋ-ਪੱਖੀ ਮੁੱਦਾ ਹੈ, ਜਿਸ 'ਤੇ ਚਰਚਾ ਕਰਨ ਦੀ ਲੋੜ ਹੈ। ਪਾਕਿਸਤਾਨ ਨੂੰ ਅਤਿਵਾਦ, ਦੁਸ਼ਮਣੀ ਅਤੇ ਹਿੰਸਾ ਤੋਂ ਮੁਕਤ ਮਾਹੌਲ ਪੈਦਾ ਕਰਨਾ ਹੋਵੇਗਾ। ਦੋਵੇਂ ਦੇਸ਼ ਆਪਣੇ ਮੁੱਦੇ ਕਿਵੇਂ ਸੁਲਝਾ ਸਕਦੇ ਹਨ, ਇਸ ਸਵਾਲ ਦੇ ਜਵਾਬ 'ਚ ਰਵੀਸ਼ ਕੁਮਾਰ ਨੇ ਕਿਹਾ ਕਿ ਗੇਂਦ ਪਾਕਿਸਤਾਨ ਦੇ ਪਾਲੇ 'ਚ ਹੈ। ਉਸ ਨੂੰ ਅਤਿਵਾਦ ਖਤਮ ਕਰਨਾ ਹੋਵੇਗਾ ਅਤੇ ਸ਼ਾਂਤੀ ਦਾ ਮਾਹੌਲ ਬਣਾਉਣਾ ਹੋਵੇਗਾ। 

ਦੱਸਣਯੋਗ ਹੈ ਕਿ ਸਵਿਟਜ਼ਰਲੈਂਡ ਦੇ ਦਾਵੋਸ 'ਚ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ। ਦੋਵਾਂ ਨੇਤਾਵਾਂ ਦੀ ਇਹ ਮੁਲਾਕਾਤ ਵਿਸ਼ਵ ਇਕੋਨਾਮਿਕ ਫੋਰਮ (WEF) 'ਚ ਹੋਈ ਸੀ।

ਇਸ ਦੌਰਾਨ ਦੋਵਾਂ ਨੇਤਾਵਾਂ ਨੇ ਕੰਮਕਾਜ ਤੋਂ ਇਲਾਵਾ ਕਸ਼ਮੀਰ ਮੁੱਦੇ 'ਤੇ ਵੀ ਚਰਚਾ ਕੀਤੀ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਉਹ ਕਸ਼ਮੀਰ ਦੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਟਰੰਪ ਨੇ ਮਦਦ ਦੀ ਪੇਸ਼ਕਸ਼ ਕੀਤੀ।