‘ਕਿਸਾਨ ਆਗੂਆਂ ਨੂੰ ਮਾਰਨ ਦੀ ਸਾਜ਼ਸ਼’ ਮਾਮਲੇ ਨੂੰ ਲੈ ਕੇ ਅਸਤੀਫ਼ਾ ਦੇਣ ਖੱਟਰ : ਕਾਂਗਰਸ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਕਿਸਾਨੀ ਅੰਦੋਲਨ ਤੋਂ ਧਿਆਨ ਭੜਕਾਉਣ ਦੀ ਹੋ ਰਹੀ ਹੈ ਕੋਸ਼ਿਸ਼

farmer protest

ਨਵੀਂ ਦਿੱਲੀ : ਕਾਂਰਗਸ ਲੇ ਸਨਿਚਰਵਾਰ ਨੂੰ ਕਿਹਾ ਕਿ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁਧ ਅੰਦੋਲਨ ਨਾਲ ਜੁੜੇ ‘‘ਕੁੱਝ ਕਿਸਾਨ ਆਗੂਆਂ ਨੂੰ ਮਾਰਨ ਦੀ ਸਾਜਿਸ਼’’ ਮਾਮਲੇ ’ਚ ਨਿਰਪੱਖ ਜਾਂਚ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਅਤੇ ਸੂਬਾ ਸਰਕਾਰ ਨੂੰ ਤੁਰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। 

ਪਾਰਟੀ ਬੁਲਾਰੇ ਗੌਰਵ ਵਲੱਭ ਨੇ ਕਿਸਾਨਾਂ ਦੇ ਅੰਦੋਲਨ ਸਥਲ ਤੋਂ ਇਕ ਨੌਜਵਾਨ ਦੇ ਫੜੇ ਜਾਣ ਅਤੇ ਉਸ ਨਾਲ ਜੁੜੇ ਵੀਡੀਉ ਸਾਹਮਣੇ ਆਉਣ ਦਾ ਹਵਾਲਾ ਦਿੰਦੇ ਹੋਏ ਇਹ ਮੰਗ ਕੀਤੀ। ਵਲੱਭ ਨੇ ਪੱਤਰਕਾਰਾਂ ਨਾਲ ਗੱਲਬਾਤ ’ਚ ਦਾਅਵਾ ਕੀਤਾ, ‘‘ਕਿਸਾਨ ਅੰਦੋਲਨ ਨੂੰ ਲੈ ਕੇ ਪਹਿਲਾਂ ਧਿਆਨ ਭਟਕਾਉਣ ਦੀ ਕੋਸ਼ਿਸ਼ ਹੋਈ, ਫਿਰ ਕਿਸਾਨ ਜਥੇਬੰਦੀਆਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਅੰਦੋਲਨ ਨੂੰ ਹਿੰਸਾ ਰਾਹੀਂ ਖ਼ਤਮ ਕਰਨ ਦਾ ਯਤਨ ਹੋ ਰਿਹਾ ਹੈ।’’

ਉਨ੍ਹਾਂ ਕਿਹਾ, ‘‘ਇਕ ਵਿਅਕਤੀ ਕਿਸਾਨ ਆਗੂਆਂ ਨੂੰ ਮਾਰਨ ਦੀ ਸਾਜਿਸ਼ ਦਾ ਖੁਲਾਸਾ ਕਰਦਾ ਹੈ। ਇਸ ਦੇ ਬਾਅਦ ਪੁਲਿਸ ਹਿਰਾਸਤ ’ਚ ਪੁੱਛਗਿਛ ਦਾ ਉਸਦਾ ਇਕ ਵੀਡੀਉ ਸਾਹਮਣੇ ਆਉਂਦਾ ਹੈ। ਅਜਿਹਾ ਤਾਂ ਪਹਿਲੀ ਵਾਰ ਹੋ ਰਿਹਾ ਹੈ ਕਿ ਪੁਲਿਸ ਹਿਰਾਸਤ ’ਚ ਕਿਸੇ ਵਿਅਕਤੀ ਦੀ ਪੁੱਛਗਿਛ ਦਾ ਵੀਡੀਉ ਸਾਹਮਣੇ ਆਇਆ ਹੋਵੇ।’’ ਕਾਂਗਰਸ ਬੁਲਾਰੇ ਨੇ ਸਵਾਲ ਕੀਤਾ, ‘‘ਕਿਸ ਦੇ ਇਸ਼ਾਰੇ ’ਤੇ ਇਹ ਪਾਪ ਹੋਣ ਜਾ ਰਿਹਾ ਸੀ? 

ਹਰਿਆਣਾ ਪੁਲਿਸ ਕਿਸ ਨੂੰ ਵਚਾਉਣ ਦੀ ਕੋਸ਼ਿਸ਼ ਕਰ ਰਹੀ ਹੈ? ਉਨ੍ਹਾਂ ਕਿਹਾ, ‘‘ਇਸ ਮਾਮਲੇ ’ਚ ਪੁਲਿਸ ਕੁੱਝ ਕਹਿ ਰਹੀ ਹੈ ਅਤੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੁੱਝ ਦੂਜੀ ਗੱਲ ਕਰ ਰਹੇ ਹਨ। ਦੋਹਰੀ ਮਾਨਸਿਕਤਾ ਨਜ਼ਰ ਆ ਰਹੀ ਹੈ। ਇਸ ਤਰ੍ਹਾਂ ਦੀ ਸਰਕਾਰ ਨੂੰ ਨੈਤਿਕ ਅਤੇ ਕਾਨੂੰਨੀ ਤੌਰ ’ਤੇ ਸੱਤਾ ’ਚ ਰਹਿਣ ਦਾ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਅਸਤੀਫ਼ਾ ਦੇਣ ਅਤੇ ਇਸ ਸਰਕਾਰ ਨੂੰ ਤੁਰਤ ਬਰਖ਼ਾਸਤ ਕੀਤਾ ਜਾਵੇ। ਇਸ ਮਾਮਲੇ ’ਚ ਸੱਚ ਲਿਆਉਣਾ ਜ਼ਰੂਰੀ ਹੈ। ’’