ਭਾਰਤ ਅੰਦਰ ਦੂਰ ਤਕ ਫੈਲਿਆ ਹੋਇਐ ਟਰੰਪ ਦਾ ਕਾਰੋਬਾਰ, ਕਈ ਸ਼ਹਿਰਾਂ ਨਾਲ ਹੈ ਪੁਰਾਣਾ ਨਾਤਾ!
ਅਪਣੀ ਪਹਿਲੀ ਭਾਰਤ ਯਾਤਰਾ ਨੂੰ ਲੈ ਕੇ ਉਤਸ਼ਾਹਤ ਹਨ ਟਰੰਪ
ਨਵੀਂ ਦਿੱਲੀ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਨੂੰ ਲੈ ਕੇ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਬਸ ਕੁੱਝ ਹੀ ਸਮੇਂ ਬਾਅਦ ਐਤਵਾਰ ਸ਼ਾਮ ਨੂੰ ਉਹ ਭਾਰਤ ਯਾਤਰਾ ਲਈ ਉਡਾਨ ਭਰਨ ਵਾਲੇ ਹਨ। ਅਪਣੀ ਪਹਿਲੀ ਭਾਰਤ ਯਾਤਰਾ ਨੂੰ ਲੈ ਕੇ ਟਰੰਪ ਵੀ ਕਾਫ਼ੀ ਉਤਸ਼ਾਹਿਤ ਹਨ। ਉਧਰ ਅਹਿਮਦਾਬਾਦ ਵੀ ਟਰੰਪ ਦੇ ਸਵਾਗਤ ਲਈ ਬਾਹਾਂ ਫ਼ਲਾਈ ਇੰਤਜ਼ਾਰ ਕਰ ਰਿਹਾ ਹੈ। ਪੂਰਾ ਸ਼ਹਿਰ ਰਾਸ਼ਟਰਪਤੀ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰਾਂ ਨਾਲ ਭਰਿਆ ਪਿਆ ਹੈ।
ਦੱਸ ਦਈਏ ਕਿ ਡੋਨਾਲਡ ਟਰੰਪ ਇਕ ਸੁਲਝੇ ਹੋਏ ਸਿਆਸੀ ਆਗੂ ਦੇ ਨਾਲ-ਨਾਲ ਮੰਝੇ ਹੋਏ ਕਾਰੋਬਾਰੀ ਵੀ ਹਨ। ਉਨ੍ਹਾਂ ਦਾ ਕਾਰੋਬਾਰ ਭਾਰਤ 'ਚ ਅੰਦਰ ਤਕ ਫ਼ੈਲਿਆ ਹੋਇਆ ਹੈ। ਭਾਰਤ ਦੇ ਕਈ ਸ਼ਹਿਰਾਂ ਨਾਲ ਟਰੰਪ ਦਾ ਪੁਰਾਣਾ ਨਾਤਾ ਹੈ। ਇਨ੍ਹਾਂ 'ਚ ਪੂਨੇ, ਮੁੰਬਈ, ਗੁਰੂਗਰਾਮ ਅਤੇ ਕੋਲਕਾਤਾ ਆਦਿ ਸ਼ਾਮਲ ਹਨ ਜਿੱਥੇ ਟਰੰਪ ਦਾ ਕਾਰੋਬਾਰ ਫੈਲਿਆ ਹੋਇਆ ਹੈ।
ਭਾਵੇਂ ਰਾਸ਼ਟਰਪਤੀ ਟਰੰਪ ਦੀ ਇਹ ਪਹਿਲੀ ਭਾਰਤ ਯਾਤਰਾ ਹੈ, ਪਰ ਉਨ੍ਹਾਂ ਦੇ ਪਰਵਾਰ ਦੇ ਮੈਂਬਰ ਅਕਸਰ ਹੀ ਕਾਰੋਬਾਰੀ ਸਿਲਸਿਲੇ 'ਚ ਭਾਰਤ ਆਉਂਦੇ ਰਹਿੰਦੇ ਹਨ। ਉਨ੍ਹਾਂ ਦਾ ਪੁੱਤਰ ਡੋਨਲਡ ਟਰੰਪ ਜੂਨੀਅਰ ਕਾਰੋਬਾਰੀ ਕੰਮਾਂ ਕਾਰਨ ਕਈ ਵਾਰ ਭਾਰਤ ਆ ਚੁੱਕੇ ਹਨ। ਇਸ ਕਾਰਨ ਟਰੰਪ ਦਾ ਇਹ ਦੌਰਾ ਉਨ੍ਹਾਂ ਲਈ ਨਿੱਜੀ ਤੌਰ 'ਤੇ ਵੀ ਕਾਫ਼ੀ ਅਹਿਮੀਅਤ ਰੱਖਦਾ ਹੈ।
ਸਾਲ 2018 ਵਿਚ ਪੂਣੇ ਸਥਿਤ ਟਰੰਪ ਟਾਵਰਜ਼ ਦੀ ਦੂਸਰੀ ਮੰਜ਼ਿਲ ਦਾ ਉਦਘਾਟਨ ਕਰਨ ਮੌਕੇ ਟਰੰਪ ਦੇ ਪੁੱਤਰ ਡੋਨਾਲਡ ਟਰੰਪ ਜੂਨੀਅਰ ਭਾਰਤ ਆਏ ਸਨ। ਇਹ ਵੀ ਜ਼ਿਕਰਯੋਗ ਹੈ ਕਿ ਭਾਰਤ ਅੰਦਰ ਰੀਅਲ ਅਸਟੇਟ ਦੇ ਕਾਰੋਬਾਰ ਵਿਚ ਟਰੰਪ ਪਰਵਾਰ ਨੇ ਵੱਡਾ ਨਿਵੇਸ਼ ਕੀਤਾ ਹੋਇਆ ਹੈ।
ਇਸ ਪ੍ਰੋਜੈਕਟ ਦਾ ਨਾਮ ਵੀ ਟਰੰਪ ਦੇ ਨਾਮ ਨਾਲ ਜੁੜਿਆ ਹੋਇਆ ਹੈ। ਦੇਸ਼ ਦੇ ਮੁੰਬਈ, ਪੂਣੇ, ਗੁਰੂਗਰਾਮ ਅਤੇ ਕੋਲਕਾਤਾ ਵਿਖੇ ਟਰੰਪ ਟਾਵਰ ਦੇ ਨਾਮ ਹੇਠ ਸਥਾਪਤ ਰਿਹਾਇਸ਼ੀ ਇਲਾਕੇ ਆਮ ਹੀ ਵੇਖਣ ਨੂੰ ਮਿਲ ਜਾਂਦੇ ਹਨ।
ਰੀਅਲ ਅਸਟੇਟ ਦੇ ਨਾਲ-ਨਾਲ ਹੋਰ ਕਈ ਕਾਰੋਬਾਰਾਂ ਵਿਚ ਵੀ ਉਨ੍ਹਾਂ ਨੇ ਪੈਸਾ ਲਾਇਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਟਰੰਪ ਨੇ ਰੀਅਲ ਅਸਟੇਟ 'ਚ ਨਾਰਥ ਅਮਰੀਕਾ ਤੋਂ ਬਾਅਦ ਜੇਕਰ ਕਿਸੇ ਥਾਂ ਵੱਡਾ ਨਿਵੇਸ਼ ਕੀਤਾ ਹੈ, ਉਹ ਭਾਰਤ ਹੀ ਹੈ। ਭਾਰਤ ਅੰਦਰ ਟਰੰਪ ਦਾ ਕਾਰੋਬਾਰ 'ਦ ਟਰੰਪ ਆਰਗੇਨਾਈਜੇਸ਼ਨ' ਦਾ ਹਿੱਸਾ ਹੈ।
ਅਮਰੀਕਾ ਅੰਦਰ ਵੀ ਟਰੰਪ ਦੇ ਨਾਮ 'ਤੇ 250 ਦੇ ਕਰੀਬ ਕੰਪਨੀਆਂ ਹਨ, ਜੋ ਉਸ ਦੀ ਸਫ਼ਲਤਾ ਦੀ ਗਵਾਹੀ ਭਰਦੀਆਂ ਹਨ। 500 ਦੇ ਕਰੀਬ ਕਾਰੋਬਾਰੀ ਇਕਾਈਆਂ 'ਦ ਟਰੰਪ ਆਰਗੇਨਾਈਜੇਸ਼ਨ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਦੇ ਮਾਲਕ ਡੋਨਾਲਡ ਟਰੰਪ ਹਨ। ਦ ਟਰੰਪ ਆਗੇਨਾਈਜੇਸ਼ਨ ਦੀ ਸਥਾਪਨਾ ਟਰੰਪ ਦੀ ਦਾਦੀ ਅਲਿਜਾਬੇਥ ਕ੍ਰਾਇਸਟ ਟਰੰਪ ਅਤੇ ਪਿਤਾ ਫਰੇਂਡ ਟਰੰਪ ਨੇ ਰੱਖੀ ਸੀ। ਕੰਪਨੀ ਦੀ ਸਾਲਾਨਾ ਆਮਦਨੀ 5,000 ਕਰੋੜ ਰੁਪਏ ਦੇ ਲਗਭਗ ਹੈ।