ਨਿਰਭਿਆ ਦੇ ਦੋਸ਼ੀ ਨੂੰ ਲੱਗਾ ਇਕ ਹੋਰ ਝਟਕਾ, ਪਿਨ ਨਿਗਲਣ ਦਾ ਦਾਅਵਾ ਵੀ ਨਿਕਲਿਆ ਝੂਠਾ!

ਏਜੰਸੀ

ਖ਼ਬਰਾਂ, ਰਾਸ਼ਟਰੀ

ਐਕਸ-ਰੇਅ ਰਿਪੋਰਟ 'ਚ ਹੋਇਆ ਖੁਲਾਸਾ

file photo

ਨਵੀਂ ਦਿੱਲੀ : ਜਿਉਂ ਫ਼ਾਂਸੀ ਲੱਗਣ ਦਾ ਸਮਾਂ ਨੇੜੇ ਆ ਰਿਹਾ ਹੈ, ਨਿਰਭਿਆ ਦੇ ਦੋਸ਼ੀਆਂ ਦੀ ਤਿਲਮਲਾਹਟ ਵੀ ਵਧਦੀ ਜਾ ਰਹੀ ਹੈ। ਅਦਾਲਤ ਵਲੋਂ ਨਿਰਭਿਆ ਦੇ ਚਾਰੇ ਦੋਸ਼ੀਆਂ ਵਿਨੈ ਸ਼ਰਮਾ, ਪਵਨ ਗੁਪਤਾ, ਮੁਕੇਸ਼ ਸਿੰਘ ਤੇ ਅਕਸ਼ੈ ਕੁਮਾਰ ਖ਼ਿਲਾਫ਼ 3 ਮਾਰਚ ਦਾ ਡੈਥ ਵਾਰੰਟ ਜਾਰੀ ਕੀਤਾ ਹੋਇਆ ਹੈ। ਇਸ ਤੋਂ ਬਚਣ ਲਈ ਦੋਸ਼ੀ ਤਰ੍ਹਾਂ ਤਰ੍ਹਾਂ ਦੇ ਦਾਅ ਅਜ਼ਮਾ ਰਹੇ ਹਨ।

ਇਸ ਤੋਂ ਪਹਿਲਾਂ ਇਕ ਦੋਸ਼ੀ ਨੇ ਖੁਦ ਨੂੰ ਮਾਨਸਿਕ ਤੌਰ 'ਤੇ ਬਿਮਾਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜੋ ਡਾਕਟਰੀ ਜਾਂਚ ਬਾਅਦ ਅਸਫ਼ਲ ਹੋ ਗਈ। ਇਸ ਤੋਂ ਬਾਅਦ ਬੀਤੇ ਸਨਿੱਚਰਵਾਰ ਨੂੰ ਦੋਸ਼ੀ ਵਿਨੈ ਨੇ ਪਿਨ ਨਿਗਲਣ ਦਾ ਦਾਅਵਾ ਕੀਤਾ। ਜਦੋਂ ਜੇਲ੍ਹ ਅਧਿਕਾਰੀਆਂ ਨੇ ਉਸ ਦਾ ਐਕਸ-ਰੇਅ ਕਰਵਾਇਆ ਤਾਂ ਉਸ ਦੀ ਇਹ ਕਹਾਣੀ ਵੀ ਝੂਠੀ ਸਾਬਤ ਹੋਈ ਹੈ। ਅਦਾਲਤ ਵਲੋਂ ਫਾਂਸੀ ਦੀ ਤਹਿ ਕੀਤੀ ਤਰੀਕ 3 ਮਾਰਚ ਨੂੰ ਆਉਣ ਅੱਗੇ ਸਿਰਫ਼ 9 ਦਿਨ ਬਾਕੀ ਬਚੇ ਹਨ।

ਹਿੰਸਕ  ਹੁੰਦਾ ਜਾ ਰਿਹੈ ਦੋਸ਼ੀ ਵਿਨੈ ਸ਼ਰਮਾ :  ਜੇਲ੍ਹ ਪ੍ਰਸ਼ਾਸਨ ਵਲੋਂ ਵਿਨੈ ਸਮੇਤ ਚਾਰਾਂ ਦੋਸ਼ੀਆਂ ਨੂੰ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਜਦੋਂ ਦਾ ਡੈਥ ਵਾਰੰਟ ਜਾਰੀ ਹੋਇਆ ਹੈ, ਉਦੋਂ ਤੋਂ ਲੈ ਕੇ ਵਿਨੈ ਦੇ ਵਿਵਹਾਰ ਵਿਚ ਸਭ ਤੋਂ ਜ਼ਿਆਦਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ। ਉਹ ਹੁਣ ਖੁਦ 'ਤੇ ਗੁੱਸਾ ਕਰਨ ਲੱਗ ਪਿਆ ਹੈ।

ਇਸ ਤੋਂ ਪਹਿਲਾਂ ਉਹ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕਰ ਚੁੱਕਾ ਹੈ। ਬੀਤੀ 16 ਫ਼ਰਵਰੀ ਨੂੰ ਉਸ ਨੇ ਜੇਲ੍ਹ ਦੀ ਕੰਧ ਵਿਚ ਸਿਰ ਮਾਰ ਕੇ ਵੀ ਖੁਦ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।  ਇਸ ਕਾਰਨ ਉਸ ਦੇ ਸਿਰ ਵਿਚ ਜ਼ਖ਼ਮ ਵੀ ਹੋਇਆ ਸੀ। ਤਿਹਾੜ ਜੇਲ੍ਹ ਪ੍ਰਬੰਧਨ ਨੇ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।

ਡਾਕਟਰਾਂ ਵਲੋਂ ਦੋਸ਼ੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਮੁਤਾਬਕ ਵਿਨੈ ਸ਼ਰਮਾ ਦੀ ਮਾਨਸਿਕ ਤੇ ਸਰੀਰਕ ਹਾਲਤ ਬਿਲਕੁਲ ਠੀਕ ਹੈ। ਚਾਰਾਂ ਦੋਸ਼ੀਆਂ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜੇਲ੍ਹ ਅਧਿਕਾਰੀਆਂ ਮੁਤਾਬਿਕ, ਚਾਰਾਂ ਦੋਸ਼ੀਆਂ ਨੂੰ ਜੇਲ੍ਹ 'ਚ ਦਿਤਾ ਜਾਣ ਵਾਲਾ ਖਾਣਾ ਹੀ ਦਿਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਉਨ੍ਹਾਂ ਦੀ ਖੁਰਾਕ ਹੁਣ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਗਈ ਹੈ।