ਆਉਣ ਵਾਲੀਆਂ ਨਸਲਾਂ ਲਈ ਬੂਹੇ ਬੰਦ ਕਰ ਦੇਣਗੇ ਨਵੇਂ ਖੇਤੀ ਕਾਨੂੰਨ : ਯੋਗੇਂਦਰ ਯਾਦਵ
ਕਿਹਾ , ਮੰਡੀ ਨਹੀਂ ਹੋਵੇਗੀ ਤਾਂ ਸਰਕਾਰੀ ਖ਼ਰੀਦ ਨਹੀਂ ਹੋਵੇਗੀ ਜਿਸ ਕਾਰਨ ਦੇਸ਼ ਦਾ ਕਿਸਾਨ ਬਰਬਾਦ ਹੋ ਜਾਵੇਗਾ
ਜੈਪੁਰ : ਸਮਾਜਕ ਕਾਰਕੁਨ ਯੋਗੇਂਦਰ ਯਾਦਵ ਨੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ’ਤੇ ਨਿਸ਼ਾਨਾ ਸਾਧਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਹ ਕਾਨੂੰਨ ਆਉਣ ਵਾਲੀਆਂ ਪੀੜ੍ਹੀਆਂ ਲਈ ਦਰਵਾਜੇ ਬੰਦ ਕਰ ਦੇਣਗੇ ਅਤੇ ਮੰਡੀ ਵਿਵਸਥਾ ਬੰਦ ਹੋਣ ਨਾਲ ਦੇਸ਼ ਦਾ ਕਿਸਾਨ ਬਰਬਾਦ ਹੋ ਜਾਵੇਗਾ। ਸਵਰਾਜ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਯਾਦਵ ਮੰਗਲਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਰਾਜਸਥਾਨ ਦੇ ਸੀਕਰ ’ਚ ਆਯੋਜਤ ਕਿਸਾਨ ਮਹਾਂਪਚਾਇਤ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਮੰਡੀ ਦਾ ਕਾਨੂੰਨ ਕਿਸਾਨ ਦੇ ਸਿਰ ਤੋਂ ਛੱਤ ਹਟਾਉਣ ਵਾਲੇ ਕਾਨੂੰਨ ਕਾਨੂੰਨ ਹੈ ਅਤੇ ਮੰਡੀ ਨਹੀਂ ਹੋਵੇਗੀ ਤਾਂ ਸਰਕਾਰ ਖ਼ਰੀਦ ਨਹੀਂ ਹੋਵੇਗੀ, ਜੇਕਰ ਮੰਡੀ ਦੀ ਵਿਵਸਥਾ ਚਲੀ ਗਈ ਤਾਂ ਪੰਜਾਬ ਅਤੇ ਹਰਿਆਣਾ ਦਾ ਕਿਸਾਨ ਤਾਂ ਬਰਬਾਦ ਹੋ ਹੀ ਜਾਵੇਗਾ, ਪਰ ਹੋਰ ਰਾਜਾਂ ਦੇ ਕਿਸਾਨ ਵੀ ਬਰਬਾਦ ਹੋ ਜਾਣਗੇ।
ਯਾਦਵ ਨੇ ਕਿਹਾ, ‘‘ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਕਾਨੂੰਨਾਂ ਨਾਲ ਜੋ ਕਰ ਰਹੇ ਹਨ, ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਦਰਵਾਜੇ ਬੰਦ ਕਰ ਰਹੇ ਹਨ।
ਮੰਡੀ ਜੇਕਰ ਬੰਦ ਹੁੰਦੀ ਹੈ ਤਾਂ ਕਿਸਾਨਾਂ ਦੇ ਅਨਾਜ ਦੀ ਸਰਕਾਰੀ ਖ਼ਰੀਦ ਵੀ ਬੰਦ ਹੋਵੇਗੀ ਅਤੇ ਜੇਕਰ ਇਹ ਬੰਦ ਹੁੰਦੀ ਹੈ ਤਾਂ ਜਲਦੀ ਹੀ ਰਾਸ਼ਨ ਦੀ ਦੁਕਾਨ ਵੀ ਬੰਦ ਹੋਵੇਗੀ ਕਿਉਂਕਿ ਸਰਕਾਰ ਮੰਡੀ ਵਿਚ ਜੋ ਖ਼ਰੀਦ ਕਰਦੀ ਹੈ ਉਹ ਹੀ ਕਣਕ ਅਤੇ ਚੌਲ ਸਾਨੂੰ ਰਾਸ਼ਨ ਦੀ ਦੁਕਾਨ ’ਚੋਂ ਮਿਲਦੇ ਹਨ।’’ ਉਨ੍ਹਾਂ ਕਿਹਾ ਕਿ ਇਸ ਸੰਯੁਕਤ ਕਿਸਾਨ ਮੋਰਚੇ ’ਚ ਦੇਸ਼ ਦੇ 450 ਕਿਸਾਨ ਸੰਗਠਨ ਸ਼ਾਮਲ ਹੋ ਗਏ ਹਨ।
ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ, ਪਿਛਲੇ ਤਿੰਨ ਮਹੀਨੇ ਮੋਦੀ, ਉਸ ਦੇ ਦਰਬਾਰੀਆਂ, ਆਗੂਆਂ ਦੀ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਇਨ੍ਹਾਂ 450 ਜਥੇਬੰਦੀਆਂ ਵਿਚੋਂ ਇਹ ਵੀ ਜਥੇਬੰਦੀ ਹਾਲੇ ਤਕ ਟੁੱਟੀ ਨਹੀਂ ਹੈ।’’ ਯਾਦਵ ਨੇ ਕਿਹਾ ਖੇਤੀ ਕਾਨੂੰਨ ਤਾਂ ਰੱਦ ਹੋਣਗੇ ਹੀ ਹੋਣਗੇ, ਅਸੀ ਕੇਂਦਰ ਸਰਕਾਰ ਤੋਂ ਫ਼ਸਲਾਂ ਦੇ ਮੁੱਲ ਦੀ ਗਾਰੰਟੀ ਵੀ ਲਿਆਂਗੇ, ਇਸ ਦੇ ਨਾਲ ਹੀ ਸ਼ਾਹਜਹਾਂਪੁਰ ’ਤੇ ਜਾਰੀ ਅੰਦੋਲਨ ਨੂੰ ਮਜਬੂਤ ਬਣਾਉਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ 27 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਸਾਰਿਆਂ ਨੂੰ ਅਪਣੇ ਅਪਣੇ ਅੰਦੋਲਨ ਵਾਲੀ ਥਾਵਾਂ ’ਤੇ ਪਹੁੰਚਣ ਦੀ ਅਪੀਲ ਕੀਤੀ ਗਈੇ ਹੈ। ਸਭਾ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਸਾਬਕਾ ਵਿਧਾਹਿਕ ਅਮਰਾਰਾਮ ਵੀ ਸ਼ਾਮਲ ਹੋਏ।