ਭਾਰਤ ਦੇ ਸਿਹਤ ਖੇਤਰ ਵਿਚ ਦੁਨੀਆਂ ਦਾ ਭਰੋਸਾ ਨਵੀਂ ਉਚਾਈ ‘ਤੇ ਪਹੁੰਚਿਆ- ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੀਐਮ ਮੋਦੀ ਨੇ ਹੈਲਥ ਵੈਬੀਨਾਰ ਨੂੰ ਕੀਤਾ ਸੰਬੋਧਨ

PM Modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਹਤ ਖੇਤਰ ਨਾਲ ਸਬੰਧਤ ਬਜਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਸਬੰਧੀ ਵੈਬੀਨਾਰ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਇਸ ਸਾਲ ਦੇ ਬਜਟ ਵਿਚ ਸਿਹਤ ਖੇਤਰ ਲਈ ਜਿੰਨਾ ਬਜਟ ਜਾਰੀ ਕੀਤਾ ਗਿਆ ਹੈ, ਉਹ ਬੇਮਿਸਾਲ ਹੈ। ਇਹ ਬਜਟ ਹਰ ਦੇਸ਼ਵਾਸੀ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀ ਸਾਡੀ ਵਚਨਬੱਧਤਾ ਦਾ ਪ੍ਰਤੀਕ ਹੈ।

ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਰਹਿਣ ਦੀ ਲੋੜ- ਪੀਐਮ ਮੋਦੀ

ਕੋਰੋਨਾ ਮਹਾਂਮਾਰੀ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਸਾਨੂੰ ਭਵਿੱਖ ਵਿਚ ਅਜਿਹੀਆਂ ਹੋਰ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤਿਆਰ ਰਹਿਣ ਦਾ ਸਬਕ ਸਿਖਾਇਆ ਹੈ। ਇਸ ਲਈ ਸਿਹਤ ਖੇਤਰ ਨਾਲ ਸਬੰਧਤ ਖੇਤਰਾਂ ਨੂੰ ਮਜ਼ਬੂਤ ਕਰਨਾ ਵੀ ਓਨਾ ਹੀ ਜ਼ਰੂਰੀ ਹੈ।

ਭਾਰਤ ਦੇ ਸਿਹਤ ਖੇਤਰ ਵਿਚ ਦੁਨੀਆਂ ਦਾ ਭਰੋਸਾ ਨਵੀਂ ਉਚਾਈ ਤੇ

ਉਹਨਾਂ ਕਿਹਾ ਕੋਰੋਨਾ ਦੌਰਾਨ ਭਾਰਤ ਦੇ ਸਿਹਤ ਖੇਤਰ ਨੇ ਜੋ ਮਜ਼ਬੂਤੀ ਦਿਖਾਈ ਹੈ, ਜਿਸ ਤਜ਼ੁਰਬੇ ਅਤੇ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਉਸ ਨੂੰ ਦੁਨੀਆਂ ਨੇ ਬਰੀਕੀ ਨਾਲ ਦੇਖਿਆ। ਪੀਐਮ ਮੋਦੀ ਨੇ ਕਿਹਾ ਕਿ ਅੱਜ ਭਾਰਤ ਦੇ ਸਿਹਤ ਖੇਤਰ ਵਿਚ ਦੁਨੀਆਂ ਦਾ ਭਰੋਸਾ ਨਵੀਂ ਉਚਾਈ ‘ਤੇ ਹੈ। ਉਹਨਾਂ ਕਿਹਾ ਕਿ 'ਮੇਡ ਇਨ ਇੰਡੀਆ' ਵੈਕਸੀਨ ਦੀ ਵਧਦੀ ਮੰਗ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।

ਭਾਰਤ ਨੂੰ ਤੰਦਰੁਸਤ ਰੱਖਣ ਲਈ 4 ਮੋਰਚਿਆਂ ਤੇ ਕੀਤਾ ਜਾ ਰਿਹੈ ਕੰਮ

ਪੀਐਮ ਮੋਦੀ ਨੇ ਕਿਹਾ ਭਾਰਤ ਨੂੰ ਤੰਦਰੁਸਤ ਰੱਖਣ ਲਈ ਅਸੀਂ 4 ਮੋਰਚਿਆਂ ‘ਤੇ ਕੰਮ ਕਰ ਰਹੇ ਹਾਂ। ਪਹਿਲਾ ਮੋਰਚਾ- ਬਿਮਾਰੀਆਂ ਨੂੰ ਰੋਕਣਾ, ਦੂਜਾ ਮੋਰਚਾ- ਗਰੀਬ ਤੋਂ ਗਰੀਬ ਨੂੰ ਸਸਤਾ ਅਤੇ ਪ੍ਰਭਾਵਸ਼ਾਲੀ ਇਲਾਜ ਦੇਣ ਦਾ ਹੈ। ਆਯੂਸ਼ਮਾਨ ਭਾਰਤ ਯੋਜਨਾ ਅਤੇ ਪ੍ਰਧਾਨ ਮੰਤਰੀ ਜਨਔਸ਼ਧੀ ਕੇਂਦਰ ਆਦਿ ਯੋਜਨਾਵਾਂ ਇਹੀ ਕੰਮ ਕਰ ਰਹੀਆਂ ਹਨ।

ਤੀਜਾ ਮੋਰਚਾ ਹੈਲਥ ਇਨਫਰਾਸਟਰਕਚਰ ਅਤੇ ਸਿਹਤ ਸੰਭਾਲ ਪੇਸ਼ੇਵਰਾਂ ਦੀ ਗੁਣਵੱਤਾ ਅਤੇ ਮਾਤਰਾ ਵਿਚ ਵਾਧਾ ਕਰਨਾ। ਚੌਥਾ ਮੋਰਚਾ ਸਿਹਤ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਮਿਸ਼ਨ ਮੋਡ ‘ਤੇ ਕੰਮ ਕਰਨਾ ਹੈ।

ਟੀਬੀ ਨੂੰ ਖਤਮ ਕਰਨ ਲਈ 2025 ਤੱਕ ਰੱਖਿਆ ਗਿਆ ਟੀਚਾ- ਪੀਐਮ ਮੋਦੀ

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਵਿਚੋਂ ਟੀਬੀ ਨੂੰ ਖਤਮ ਕਰਨ ਲਈ ਅਸੀਂ ਸਾਲ 2025 ਤੱਕ ਦਾ ਟੀਚਾ ਰੱਖਿਆ ਹੈ। ਉਹਨਾਂ ਕਿਹਾ ਟੀਬੀ ਦੀ ਰੋਕਥਾਮ ਵਿਚ ਵੀ ਮਾਸਕ ਪਾਉਣਾ, ਬਿਮਾਰੀ ਦਾ ਜਲਦੀ ਪਤਾ ਲਗਾਉਣਾ ਅਤੇ ਇਲਾਜ ਸਭ ਅਹਿਮ ਹੈ। ਸੰਬੋਧਨ ਦੌਰਾਨ ਪੀਐਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨਾ ਸਿਰਫ ਸਿਹਤ ਸੰਭਾਲ ਵਿਚ ਨਿਵੇਸ਼ ਕਰ ਰਹੀ ਹੈ ਬਲਕਿ ਇਹ ਵੀ ਯਕੀਨੀ ਬਣਾ ਰਹੀ ਹੈ ਇਹ ਸਹੂਲਤਾਂ ਦੂਰ ਦੁਰਾਡੇ ਦੇ ਇਲਾਕਿਆਂ ਵਿਚ ਵੀ ਉਪਲਬਧ ਹੋਣ।