ਲਾਪਤਾ ਬੱਚਾ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨਾਲ ਮਿਲਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਨੀਅਰ ਪੁਲਿਸ ਕਪਤਾਨ ਨੇ ਪੁਲਿਸ ਟੀਮ ਨੂੰ 25,000 ਰੁਪਏ ਨਾਲ ਸਨਮਾਨਿਤ ਕੀਤਾ

Representative Image

 

ਅਲੀਗੜ੍ਹ - ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਲਾਪਤਾ ਹੋਇਆ ਇੱਕ ਬੱਚਾ ਚਾਰ ਸਾਲ ਬਾਅਦ ਆਪਣੇ ਪਰਿਵਾਰ ਨਾਲ ਮਿਲਿਆ। 

ਅਗਸਤ 2019 ਵਿੱਚ ਲਾਪਤਾ ਹੋਏ ਲੜਕੇ ਨੂੰ ਪੁਲਿਸ ਨੇ ਮੰਗਲਵਾਰ ਨੂੰ ਲੱਭ ਲਿਆ। ਜਦੋਂ ਬੱਚਾ ਲਾਪਤਾ ਹੋਇਆ ਸੀ, ਉਸ ਵੇਲੇ ਉਸ ਦੀ ਉਮਰ ਛੇ ਸਾਲ ਦੀ ਸੀ। 

ਸੀਨੀਅਰ ਪੁਲਿਸ ਸੁਪਰਡੈਂਟ ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਬੱਚੇ ਦੇ ਲਾਪਤਾ ਹੋਣ ਦੇ ਦਿਨ ਹੀ ਕੁਵਰਸੀ ਥਾਣੇ 'ਚ ਰਿਪੋਰਟ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਬੱਚਾ ਬੋਲਣ ਤੋਂ ਅਸਮਰੱਥ ਹੈ, ਇਸ ਲਈ ਉਸ ਨੂੰ ਲੱਭਣ ਵਿੱਚ ਕਾਫੀ ਮੁਸ਼ਕਿਲ ਆਈ। 

ਉਨ੍ਹਾਂ ਕਿਹਾ ਕਿ ਬੱਚੇ ਦੇ ਮਾਤਾ-ਪਿਤਾ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਜਾਰੀ ਰੱਖੀ ਅਤੇ ਪਿਛਲੇ ਕੁਝ ਹਫ਼ਤਿਆਂ ਵਿੱਚ, ਅਲੀਗੜ੍ਹ ਪੁਲਿਸ ਨੇ ਬੱਚੇ ਨੂੰ ਲੱਭਣ ਲਈ ਕੋਸ਼ਿਸ਼ਾਂ ਮੁੜ ਸ਼ੁਰੂ ਕੀਤੀਆਂ ਅਤੇ ਸਾਰੇ ਗੁਆਂਢੀ ਜ਼ਿਲ੍ਹਿਆਂ ਵਿੱਚ ਬੱਚੇ ਦੀ ਤਸਵੀਰ ਵਾਲੇ ਗੁੰਮਸ਼ੁਦਗੀ ਦੇ ਪਰਚੇ ਵੰਡੇ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਇੱਕ ਅਨਾਥ ਆਸ਼ਰਮ ਤੋਂ ਪੁਲਿਸ ਨੂੰ ਕੁਝ ਸੂਚਨਾ ਮਿਲੀ।

ਨੈਥਾਨੀ ਨੇ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ 'ਚ ਬੱਚੇ ਦੇ ਮਾਤਾ-ਪਿਤਾ ਪੁਲਿਸ ਟੀਮ ਨਾਲ ਫ਼ਿਰੋਜ਼ਾਬਾਦ ਗਏ ਅਤੇ ਬੱਚੇ ਦੇ ਜਨਮ ਸਮੇਂ ਤੋਂ ਸਰੀਰ 'ਤੇ ਮੌਜੂਦ ਇੱਕ ਨਿਸ਼ਾਨ ਦੀ ਮਦਦ ਨਾਲ ਉਸ ਦੀ ਪਛਾਣ ਕੀਤੀ।

ਪਰਿਵਾਰ ਮੰਗਲਵਾਰ ਨੂੰ ਆਪਣੇ ਬੱਚੇ ਨੂੰ ਮਿਲ ਸਕਿਆ।

ਸੀਨੀਅਰ ਪੁਲਿਸ ਕਪਤਾਨ ਨੇ ਪੁਲਿਸ ਟੀਮ ਨੂੰ 25,000 ਰੁਪਏ ਨਾਲ ਸਨਮਾਨਿਤ ਕੀਤਾ।