ਅਮਰੀਕਾ 'ਚ ਭਾਰਤੀ ਸਕੂਲੀ ਵਿਦਿਆਰਥਣ ਤਿੰਨ ਹਫ਼ਤਿਆਂ ਤੋਂ ਲਾਪਤਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਲਾਪਤਾ ਹੋਣ ਦਾ ਇੱਕ ਸੰਭਾਵੀ ਕਾਰਨ ਲੜਕੀ ਦੇ ਪਰਿਵਾਰ ਨੂੰ ਡਿਪੋਰਟ ਕੀਤੇ ਜਾਣ ਦਾ ਡਰ 

Image

 

ਵਾਸ਼ਿੰਗਟਨ - ਅਮਰੀਕਾ ਦੇ ਆਰਕਨਸਾਸ ਸੂਬੇ ਵਿੱਚ 14 ਸਾਲਾ ਭਾਰਤੀ-ਅਮਰੀਕੀ ਸਕੂਲੀ ਵਿਦਿਆਰਥਣ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਹੈ। ਇਸ ਮਾਮਲੇ ਵਿੱਚ, ਪੁਲਿਸ ਨੇ ਸੰਕੇਤ ਦਿੱਤਾ ਕਿ ਲੜਕੀ ਅਮਰੀਕਾ ਛੱਡਣ ਦੇ ਡਰੋਂ ਕਿਤੇ ਚਲੀ ਗਈ ਹੋ ਸਕਦੀ ਹੈ, ਕਿਉਂਕਿ ਉਸ ਦੇ ਪਿਤਾ ਨੂੰ 'ਤਕਨੀਕੀ ਉਦਯੋਗ' ਵਿੱਚ ਛਾਂਟੀ ਦੇ ਦੌਰਾਨ ਨੌਕਰੀ ਵਿੱਚ ਛਾਂਟੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੋਨਵੇ ਪੁਲਿਸ ਵਿਭਾਗ (ਸੀ.ਪੀ.ਡੀ.) ਨੇ ਕਿਹਾ ਕਿ ਕਨਵੇਅ ਆਰਕਨਸਾਸ ਦੀ ਵਸਨੀਕ ਤਨਵੀ ਮਾਰੁਪੱਲੀ ਨੂੰ ਆਖਰੀ ਵਾਰ 17 ਜਨਵਰੀ ਨੂੰ ਉਸ ਦੇ ਗੁਆਂਢ ਵਿੱਚ ਦੇਖਿਆ ਗਿਆ ਸੀ, ਜਦੋਂ ਉਹ ਬੱਸ ਵਿੱਚ ਸਕੂਲ ਲਈ ਰਵਾਨਾ ਹੋਈ ਸੀ।

ਕਾਰਕ ਡਾਟ ਕਾਮ ਦੀ ਖ਼ਬਰ ਅਨੁਸਾਰ ਪੁਲਿਸ ਨੇ ਕਿਹਾ ਹੈ ਕਿ ਉਹ ਮੰਨਦੇ ਹਨ ਕਿ ਉਸ ਦੇ ਭੱਜਣ ਦਾ ਇੱਕ ਸੰਭਾਵੀ ਕਾਰਨ ਉਸ ਦੇ ਪਰਿਵਾਰ ਨੂੰ ਡਿਪੋਰਟ ਕੀਤੇ ਜਾਣ ਦਾ ਡਰ ਹੈ। 

ਸਥਾਨਕ ਮੀਡੀਆ ਦੀ ਇੱਕ ਹੋਰ ਰਿਪੋਰਟ ਮੁਤਾਬਕ ਤਨਵੀ ਦੇ ਮਾਤਾ-ਪਿਤਾ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਧੀ ਨੇ ਪਰਿਵਾਰ ਦੀ ਇਮੀਗ੍ਰੇਸ਼ਨ ਸਥਿਤੀ ਕਾਰਨ ਘਰ ਛੱਡ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਉਹ ਕਈ ਸਾਲਾਂ ਤੋਂ ਅਮਰੀਕਾ ਵਿਚ ਕਨੂੰਨੀ ਤੌਰ 'ਤੇ ਰਹਿ ਰਹੇ ਹਨ ਅਤੇ ਕੰਮ ਕਰ ਰਹੇ ਹਨ ਅਤੇ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਦੇਸ਼ ਦੀ "ਇਮੀਗ੍ਰੇਸ਼ਨ ਪ੍ਰਣਾਲੀ" ਨੇ ਉਨ੍ਹਾਂ ਦੀ ਅਰਜ਼ੀ ਠੰਢੇ ਬਸਤੇ 'ਚ ਪਾ ਦਿੱਤੀ ਹੈ। 

ਇੱਕ ਤਕਨਾਲੋਜੀ ਕੰਪਨੀ ਵਿੱਚ ਕੰਮ ਕਰਨ ਵਾਲੇ, ਲਾਪਤਾ ਲੜਕੀ ਦੇ ਪਿਤਾ ਪਵਨ ਰਾਏ ਮਾਰੂਪੱਲੀ ਨੂੰ ਤਕਨਾਲੋਜੀ ਖੇਤਰ ਵਿੱਚ ਚੱਲ ਰਹੀ ਛਾਂਟੀ ਕਾਰਨ ਆਪਣੀ ਨੌਕਰੀ ਗੁਆਉਣ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਹਾਲਾਂਕਿ, ਕਾਰਕ ਡਾਟ ਕਾਮ ਦੀ ਖ਼ਬਰ ਅਨੁਸਾਰ ਲੜਕੀ ਦੇ ਪਿਤਾ ਨੇ ਸੀ.ਪੀ.ਡੀ. ਨੂੰ ਸੂਚਿਤ ਕੀਤਾ ਹੈ ਕਿ ਉਸ ਨੂੰ ਹੁਣ ਆਪਣੀ ਨੌਕਰੀ ਗੁਆਉਣ ਦਾ ਖ਼ਤਰਾ ਨਹੀਂ ਹੈ ਅਤੇ ਉਹ ਇਸ ਸਮੇਂ ਦੇਸ਼ ਛੱਡਣ ਦੀ ਸਥਿਤੀ ਵਿੱਚ ਵੀ ਨਹੀਂ ਹੈ। 

ਸੀ.ਪੀ.ਡੀ. ਨੇ ਕਿਹਾ ਕਿ ਇਸ ਨੇ ਮਾਮਲੇ ਦੀ ਜਾਂਚ ਲਈ ਯੂ.ਐਸ..ਮਾਰਸ਼ਲ ਸਰਵਿਸ ਅਤੇ ਨੈਸ਼ਨਲ ਸੈਂਟਰ ਫ਼ਾਰ ਮਿਸਿੰਗ ਐਂਡ ਐਬਿਊਜ਼ਡ ਚਿਲਡਰਨ ਤੋਂ ਸਹਿਯੋਗ ਮੰਗਿਆ ਹੈ।

ਤਨਵੀ ਦੇ ਪਰਿਵਾਰ ਨੇ ਆਪਣੀ ਬੇਟੀ ਦੀ ਘਰ ਵਾਪਸੀ ਦੀ ਉਮੀਦ ਵਿੱਚ ਪੰਜ ਹਜ਼ਾਰ ਅਮਰੀਕੀ ਡਾਲਰ ਦਾ ਇਨਾਮ ਵੀ ਰੱਖਿਆ ਹੈ।