ਮੋਦੀ ਨੂੰ ਪੰਜਾਬੀ ਅਤੇ ਦੱਖਣ ਭਾਰਤੀ ਲੋਕ ਨਹੀਂ ਕਰਦੇ ਪਸੰਦ : ਸਰਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਵੇਖਣ ਏਜੰਸੀ ਸੀ-ਵੋਟਰ ਨੇ 60 ਹਜ਼ਾਰ ਵੋਟਰਾਂ ਨਾਲ ਕੀਤੀ ਗੱਲਬਾਤ

Narendra Modi

ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਲੋਕ ਇਸ ਵਾਰ ਕਿਹੜੀ ਪਾਰਟੀ ਦੀ ਸਰਕਾਰ ਬਣਾਉਣਗੇ, ਇਹ ਅਗਲੇ ਕੁਝ ਮਹੀਨਿਆਂ 'ਚ ਪਤਾ ਲੱਗ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀਂ ਦੱਖਣ ਭਾਰਤ 'ਚ ਰੈਲੀਆਂ ਕਰਨ ਗਏ ਸਨ, ਜਿਥੇ ਉਨ੍ਹਾਂ ਨੂੰ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਸੀ। ਇਕ ਸਰਵੇ ਦੀ ਰਿਪੋਰਟ 'ਚ ਪ੍ਰਗਟਾਵਾ ਹੋਇਆ ਹੈ ਕਿ ਦੱਖਣ ਭਾਰਤ ਅਤੇ ਪੰਜਾਬ 'ਚ ਜ਼ਿਆਦਾਤਰ ਲੋਕ ਨਰਿੰਦਰ ਮੋਦੀ ਨੂੰ ਪਸੰਦ ਨਹੀਂ ਕਰਦੇ।

ਸਰਵੇਖਣ ਏਜੰਸੀ ਸੀ-ਵੋਟਰ ਨੇ ਪਿਛਲੇ ਤਿੰਨ ਮਹੀਨਿਆਂ 'ਚ 543 ਲੋਕ ਸਭਾ ਸੀਟਾਂ 'ਤੇ ਲਗਭਗ 60 ਹਜ਼ਾਰ ਵੋਟਰਾਂ ਤੋਂ ਉਨ੍ਹਾਂ ਦੀ ਰਾਇ ਜਾਣੀ। ਇਸ ਦੌਰਾਨ ਖੁਲਾਸਾ ਹੋਇਆ ਕਿ ਦਖਣੀ ਭਾਰਤ ਅਤੇ ਪੰਜਾਬ 'ਚ ਮੋਦੀ ਨੂੰ ਬਹੁਤ ਘੱਟ ਲੋਕ ਪਸੰਦ ਕਰਦੇ ਹਨ, ਜਦਕਿ ਝਾਰਖੰਡ, ਰਾਜਸਥਾਨ, ਗੋਆ ਅਤੇ ਹਰਿਆਣਾ 'ਚ ਲੜੀਵਾਰ 74 ਫ਼ੀਸਦੀ, 68.3 ਫ਼ੀਸਦੀ, 66 ਫ਼ੀਸਦੀ ਅਤੇ 65.9 ਫ਼ੀਸਦੀ ਵੋਟਰ ਮੋਦੀ ਦੇ ਪਿਛਲੇ 5 ਸਾਲ ਦੇ ਕੰਮਕਾਜ ਤੋਂ ਖ਼ੁਸ਼ ਹਨ।

ਸੀ-ਵੋਟਰ ਦੇ ਸਰਵੇਖਣ ਮੁਤਾਬਕ ਤਾਮਿਲਨਾਡੂ 'ਚ ਸਿਰਫ਼ 2.2 ਫ਼ੀਸਦੀ ਅਤੇ ਪੰਜਾਬ 'ਚ 12 ਫ਼ੀਸਦੀ ਲੋਕ ਮੋਦੀ ਦੇ ਕੰਮਕਾਜ ਤੋਂ ਖ਼ੁਸ਼ ਹਨ। ਦੱਖਣੀ ਸੂਬਿਆਂ 'ਚ ਮੋਦੀ ਦੇ ਘੱਟ ਪਸੰਦੀਦਾ ਹੋਣ ਕਾਰਨ ਭਾਜਪਾ ਨੇ ਏ.ਆਈ.ਏ.ਡੀ.ਐਮ.ਕੇ. ਨਾਲ ਗਠਜੋੜ ਕੀਤਾ ਹੈ। ਇਸੇ ਗਠਜੋੜ ਕਾਰਨ ਏ.ਆਈ.ਏ.ਡੀ.ਐਮ.ਕੇ. ਤਾਮਿਲਨਾਡੂ 'ਚ ਇਕ-ਦੂਜੇ ਨੂੰ ਮਜ਼ਬੂਤ ਬਣਾ ਰਹੇ ਹਨ।

ਤਾਮਿਲਨਾਡੂ 'ਚ ਮੋਦੀ ਨੂੰ ਨਾਪਸੰਦ ਕਰਨ ਦਾ ਇਕ ਕਾਰਨ ਇਹ ਵੀ ਹੈ ਕਿ ਉਹ ਦ੍ਰਾਵੀਡਨ ਰਾਸ਼ਟਰਵਾਦ ਦਾ ਵਿਰੋਧ ਕਰਦੇ ਹਨ, ਜਦਕਿ ਉੱਥੇ ਦੇ ਜ਼ਿਆਦਾਤਰ ਘੱਟ-ਹਿੰਦੀ ਅਤੇ ਘੱਟ-ਬ੍ਰਾਹਮਣਵਾਦੀ ਲੋਕ ਦ੍ਰਾਵੀਡਨ ਰਾਸ਼ਟਰਵਾਦ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਤੋਂ ਇਵਾਲਾ ਕਾਵੇਰੀ ਵਿਵਾਦ ਅਤੇ ਜਲੀਕੱਟੂ ਪ੍ਰਦਰਸ਼ਨ ਵੀ ਮੋਦੀ ਦੀ ਹਰਮਨਪਿਆਰਤਾ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਕੇਰਲਾ 'ਚ 7.7 ਫ਼ੀਸਦ, ਪੁਡੂਚੇਰੀ 'ਚ 10.7 ਫ਼ੀਸਦ, ਆਂਧਰਾ ਪ੍ਰਦੇਸ਼ 'ਚ 23.6 ਤੇਲੰਗਾਨਾ 'ਚ 37.7 ਫ਼ੀਸਦ ਅਤੇ ਕਰਨਾਟਕਾ 'ਚ 38.4 ਫ਼ੀਸਦੀ ਲੋਕ ਹੀ ਮੋਦੀ ਨੂੰ ਪਸੰਦ ਕਰਦੇ ਹਨ।

ਉੱਤਰ ਭਾਰਤ 'ਚ ਪੰਜਾਬ ਇਕੱਲਾ ਵੱਖਰੀ ਸੋਚ ਵਾਲਾ ਸੂਬਾ : ਉੱਤਰ ਭਾਰਤ 'ਚ ਸੀ-ਵੋਟਰ ਦੇ ਸਰਵੇਖਣ 'ਚ ਪੰਜਾਬ ਇਕਲੌਤਾ ਅਜਿਹਾ ਸੂਬਾ ਹੈ ਜਿਸ ਨੇ ਮੋਦੀ ਨੇ 5 ਸਾਲ ਦੇ ਕੰਮਕਾਜ ਨੂੰ ਪਸੰਦ ਨਹੀਂ ਕੀਤਾ। ਇਸ ਦਾ ਇਕ ਵੱਡਾ ਕਾਰਨ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਪਿਛਲੀ ਵਿਧਾਨ ਸਭਾ ਚੋਣਾਂ 'ਚ ਉਸ ਦੀਆਂ ਗ਼ਲਤ ਨੀਤੀਆਂ, ਬੇਅਦਬੀ ਕਾਂਡ, ਝੂਠੇ ਪੁਲਿਸ ਮੁਕਾਬਲੇ, ਨਸ਼ਾਖੋਰੀ, ਭ੍ਰਿਸ਼ਟਾਚਾਰ ਆਦਿ ਕਾਰਨ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ 'ਚ ਸਿਰਫ਼ 12 ਫ਼ੀਸਦੀ ਲੋਕ ਹੀ ਮੋਦੀ ਦੇ ਕੰਮਕਾਜ ਤੋਂ ਖ਼ੁਸ਼ੀ ਹਨ। ਪੰਜਾਬ ਦੇ ਗੁਆਂਡੀ ਸੂਬਿਆਂ ਹਿਮਾਚਲ ਪ੍ਰਦੇਸ਼ 'ਚ 59.4, ਉੱਤਰਾਖੰਡ 'ਚ 50, ਹਰਿਆਣਾ 'ਚ 65.9 ਅਤੇ ਰਾਜਸਥਾਨ 'ਚ 68.4 ਫ਼ੀਸਦੀ ਲੋਕ ਮੋਦੀ ਤੋਂ ਖ਼ੁਸ਼ ਹਨ।