ਜਲੰਧਰ ਦੇ ਕਰਮਬੀਰ ਸਿੰਘ ਹੋਣਗੇ ਭਾਰਤ ਦੇ ਅਗਲੇ ਜਲ ਸੈਨਾ ਮੁਖੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਾਈਸ ਐਡਮਿਰਲ ਕਰਮਬੀਰ ਸਿੰਘ ਵਿਸ਼ਾਖਾਪਟਨਮ ਵਿਚ ਪੁਰਬੀ ਨੌਸੈਨਾ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ ਇਸ ਚੀਫ਼ ਦੇ ਰੂਪ ਵਿਚ ਕੰਮ ਕਰ ਰਹੇ ਹਨ

Vice Admiral Karambir Singh will be next Navy Chief

ਜਲੰਧਰ : ਰੱਖਿਆ ਮੰਤਰਾਲਾ ਵਲੋਂ ਅਗਲੇ ਜਲ ਸੈਨਾ ਮੁਖੀ ਦੇ ਨਾਮ ਦਾ ਐਲਾਨ ਕਰ ਦਿੱਤਾ ਕੀਤਾ ਗਿਆ ਹੈ। ਭਾਰਤੀ ਜਲ ਸੈਨਾ ਦੀ ਕਮਾਨ ਹੁਣ ਮੂਲ ਰੂਪ ਨਾਲ ਜਲੰਧਰ ਦੇ ਰਹਿਣ ਵਾਲੇ ਕਰਮਬੀਰ ਸਿੰਘ ਦੇ ਹੱਥ ਹੋਵੇਗੀ। ਉਹ ਮੌਜੂਦਾ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲੈਣਗੇ। ਵਾਈਸ ਐਡਮਿਰਲ ਕਰਮਬੀਰ ਸਿੰਘ ਇਸ ਸਮੇਂ ਵਿਸਾਖਾਪਟਨਮ 'ਚ ਪੂਰਬੀ ਕਮਾਨ ਦੇ ਫਲੈਗ ਅਫ਼ਸਰ ਕਮਾਂਡਿੰਗ ਇਨ ਚੀਫ਼ ਦੇ ਤੌਰ 'ਤੇ ਤਾਇਨਾਤ ਹਨ। ਉਹ ਮੌਜੂਦਾ ਜਲ ਸੈਨਾ ਮੁਖੀ ਸੁਨੀਲ ਲਾਂਬਾ ਦੀ ਥਾਂ ਲੈਣਗੇ ਕਿਉਂਕਿ ਸੁਨੀਲ ਲਾਂਬਾ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਲਾਂਬਾ ਨੇ ਇਹ ਅਹੁਦਾ 3 ਸਾਲ ਪਹਿਲਾਂ ਮਈ 2016 ਵਿਚ ਸੰਭਾਲਿਆ ਸੀ।

ਦੇਸ਼ ਦੇ 24ਵੇਂ ਜਲ ਸੈਨਾ ਮੁਖੀ ਬਣਨ ਜਾ ਰਹੇ ਕਰਮਬੀਰ ਸਿੰਘ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਰਹੇ ਹਨ। ਉਹ ਜੁਲਾਈ 1980 ਵਿਚ ਭਾਰਤੀ ਜਲ ਸੈਨਾ ਨਾਲ ਜੁੜੇ ਸਨ। ਐਨਡੀਏ ਵਿਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਮਹਾਰਾਸ਼ਟਰ ਦੇ ਬਾਰਨੋਸ ਸਕੂਲ, ਦੇਵਲਾਲੀ ਤੋਂ ਗ੍ਰੈਜੂਏਸ਼ਨ ਦੀ ਸਿੱਖਿਆ ਹਾਸਲ ਕੀਤੀ ਸੀ। ਮੂਲ ਰੂਪ ਤੋਂ ਜਲੰਧਰ ਦੇ ਰਹਿਣ ਵਾਲੇ ਕਰਮਬੀਰ ਸਿੰਘ ਨੇ ਦੇਸ਼ ਦੇ ਕਈ ਸ਼ਹਿਰਾਂ ਵਿਚੋਂ ਸਿੱਖਿਆ ਹਾਸਲ ਕੀਤੀ, ਕਿਉਂਕਿ ਉਨ੍ਹਾਂ ਦੇ ਪਿਤਾ ਖ਼ੁਦ ਭਾਰਤੀ ਹਵਾਈ ਫ਼ੌਜ ਵਿਚ ਤਾਇਨਾਤ ਸਨ, ਜੋ ਵਿੰਗ ਕਮਾਂਡਰ ਵਜੋਂ ਸੇਵਾਮੁਕਤ ਹੋਏ ਸਨ।

ਅਪਣੇ 37 ਸਾਲ ਦੇ ਲੰਮੇ ਕਾਰਜਕਾਲ ਵਿਚ ਕਰਮਬੀਰ ਸਿੰਘ ਨੂੰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸਾਲ 2018 ਵਿਚ ਉਨ੍ਹਾਂ ਨੂੰ ਸ਼ਾਨਦਾਰ ਸੇਵਾ ਬਦਲੇ ਅਤਿ ਵਿਸ਼ਿਸਟ ਸੇਵਾ ਮੈਡਲ ਅਤੇ ਪਰਮ ਵਿਸ਼ਿਸਟ ਸੇਵਾ ਮੈਡਲ ਨਾਲ ਨਿਵਾਜ਼ਿਆ ਗਿਆ ਸੀ। ਇੰਡੀਅਨ ਕੋਸਟ ਗਾਰਡ ਸ਼ਿਪ ਚਾਂਦਬੀਬੀ, ਲੜਾਕੂ ਜਲ ਬੇੜੇ ਆਈਐਨਐਸ ਵਿਜੈਦੁਰਗ ਤੋਂ ਇਲਾਵਾ ਆਈਐਨਐਸ ਰਾਣਾ ਅਤੇ ਆਈਐਨਐਸ ਦਿੱਲੀ ਵਰਗੇ 4 ਵੱਡੇ ਬੇਹੱਦ ਅਹਿਮ ਜਹਾਜ਼ ਉਨ੍ਹਾਂ ਦੇ ਕੰਟਰੋਲ ਵਿਚ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਹੈਲੀਕਾਪਟਰ ਉਡਾਉਣ ਦਾ ਵੀ ਚੰਗਾ ਤਜਰਬਾ ਹੈ।