ਭਾਰਤ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 396 ਹੋਈ, ਹੁੱਣ ਤਕ 7 ਮੌਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਭਾਰਤ ਵਿਚ ਇਸ ਵਿਸ਼ਾਣੂ ਦੀ ਲਾਗ ਤੋਂ ਪੀੜਤ ਲੋਕਾਂ ਦੀ ਗਿਣਤੀ ...

file photo

ਨਵੀਂ ਦਿੱਲੀ: ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਉਣ ਮਗਰੋਂ ਭਾਰਤ ਵਿਚ ਇਸ ਵਿਸ਼ਾਣੂ ਦੀ ਲਾਗ ਤੋਂ ਪੀੜਤ ਲੋਕਾਂ ਦੀ ਗਿਣਤੀ 396 'ਤੇ ਪਹੁੰਚ ਗਈ। ਕੋਰੋਨਾ ਵਾਇਰਸ ਦੀ ਲਾਗ ਨਾਲ ਐਤਵਾਰ ਨੂੰ ਬਿਹਾਰ ਵਿਚ ਪਹਿਲੀ ਮੌਤ ਸਣੇ ਤਿੰਨ ਜਣਿਆਂ ਦੀ ਜਾਨ ਚਲੀ ਗਈ। ਇਸ ਵਾਇਰਸ ਨਾਲ ਦੇਸ਼ ਵਿਚ ਹੁਣ ਤਕ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਪੀੜਤ ਲੋਕਾਂ ਵਿਚੋਂ ਕੁਲ 41 ਵਿਦੇਸ਼ੀ ਨਾਗਰਿਕ ਹਨ ਅਤੇ ਸੱਤ ਜਣਿਆਂ ਦੀ ਮੌਤ ਹੋ ਚੁੱਕੀ ਹੈ। ਮੌਤ ਦੇ ਨਵੇਂ ਮਾਮਲੇ ਮਹਾਰਾਸ਼ਟਰ, ਬਿਹਾਰ ਅਤੇ ਗੁਜਰਾਤ ਤੋਂ ਸਾਹਮਣੇ ਆਏ ਹਨ। ਹੁਣ ਤਕ ਦਿੱਲੀ, ਕਰਨਾਟਕ ਅਤੇ ਪੰਜਾਬ ਵਿਚ ਇਕ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ। 24 ਹੋਰਾਂ ਨੂੰ ਇਲਾਜ ਮਗਰੋਂ ਛੁੱਟੀ ਦੇ ਦਿਤੀ ਗਈ ਹੈ।

ਇਨ੍ਹਾਂ 396 ਮਾਮਲਿਆਂ ਵਿਚ ਮਹਾਰਾਸ਼ਟਰ ਦੇ 74 ਮਾਮਲੇ ਸ਼ਾਮਲ ਹਨ ਜਿਥੋਂ ਤਿੰਨ ਵਿਦੇਸ਼ੀ ਨਾਗਰਿਕਾਂ ਸਣੇ ਕੋਵਿਡ 19 ਦੇ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੇਰਲਾ ਵਿਚ 52 ਮਾਮਲੇ ਹਨ ਜਿਨ੍ਹਾਂ ਵਿਚੋਂ ਸੱਤ ਵਿਦੇਸ਼ੀ ਨਾਗਰਿਕ ਹਨ। ਦਿੱਲੀ ਵਿਚ 27 ਪੀੜਤ ਹਨ ਜਿਨ੍ਹਾਂ ਵਿਚੋਂ ਇਕ ਵਿਦੇਸ਼ੀ ਸ਼ਾਮਲ ਹੈ ਜਦਕਿ ਯੂਪੀ ਵਿਚ ਇਕ ਵਿਦੇਸ਼ੀ ਸਣੇ 25 ਮਾਮਲੇ ਸਾਹਮਣੇ ਆਏ ਹਨ।

ਤੇਲੰਗਾਨਾ ਵਿਚ 11 ਵਿਦੇਸ਼ੀਆਂ ਸਣੇ ਲਾਗ ਦੇ ਕੁਲ 21 ਮਾਮਲੇ ਸਾਹਮਣੇ ਆਏ ਹਨ ਜਦਕਿ ਰਾਜਸਥਾਨ ਵਿਚ ਦੋ ਵਿਦੇਸ਼ੀਆਂ ਸਣੇ 24 ਮਾਮਲੇ ਮਿਲੇ ਹਨ। ਹਰਿਆਣਾ ਵਿਚ 17 ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ 14 ਵਿਦੇਸ਼ੀ ਹਨ। ਕਰਨਾਟਕ ਵਿਚ 20 ਜਣੇ ਇਸ ਬੀਮਾਰੀ ਤੋਂ ਪੀੜਤ ਹਨ। ਪੰਜਾਬ ਵਿਚ 21 ਮਾਮਲੇ ਸਾਹਮਣੇ ਆ ਚੁੱਕੇ ਹਨ।

ਗੁਜਰਾਤ ਵਿਚ 18 ਜਦਕਿ ਤਾਮਿਲਨਾਡੂ ਵਿਚ ਛੇ ਮਾਮਲੇ ਦਰਜ ਕੀਤੇ ਗਏ ਹਨ। ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਪਛਮੀ ਬੰਗਾਲ ਵਿਚ ਚਾਰ ਚਾਰ ਜਣੇ ਇਸ ਬੀਮਾਰੀ ਤੋਂ ਪੀੜਤ ਹਨ। ਆਂਧਰਾ ਪ੍ਰਦੇਸ਼ ਅਤੇ ਉਤਰਾਖੰਡ ਵਿਚ ਤਿੰਨ ਤਿੰਨ ਮਾਮਲੇ ਸਾਹਮਣੇ ਆਏ ਹਨ ਜਦਕਿ ਉੜੀਸਾ ਤੇ ਹਿਮਾਚਲ ਪ੍ਰਦੇਸ਼ ਵਿਚ ਦੋ ਦੋ ਮਾਮਲੇ ਸਾਹਮਣੇ ਆਏ ਹਨ। ਪੁਡੂਚੇਰੀ ਅਤੇ ਛੱਤੀਸਗੜ੍ਹ ਵਿਚ ਇਕ ਇਕ ਮਾਮਲਾ ਸਾਹਮਣੇ ਆਇਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ