ਭਾਜਪਾ ਵਰਕਰਾਂ ਨੇ ਚੋਣ ਅਧਿਕਾਰੀ ਨਾਲ ਕੀਤੀ ਮਾਰਕੁੱਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੋਣ ਅਧਿਕਾਰੀ 'ਤੇ ਵੋਟਰਾਂ ਨੂੰ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ 'ਸਾਈਕਲ' ਦਾ ਬਟਨ ਦਬਾਉਣ ਲਈ ਵਰਗਲਾਉਣ ਦੋਸ਼ ਲਗਾਇਆ

Lok Sabha Election : BJP workers beat an election officer

ਮੁਰਾਦਾਬਾਦ : ਲੋਕ ਸਭਾ ਚੋਣਾਂ ਦੇ ਤੀਜੇ ਗੇੜ 'ਚ ਵੋਟਿੰਗ ਦੌਰਾਨ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਭਾਜਪਾ ਵਰਕਰਾਂ ਨੇ ਇਕ ਚੋਣ ਅਧਿਕਾਰੀ ਨਾਲ ਮਾਰਕੁੱਟ ਕੀਤੀ। ਭਾਜਪਾ ਵਰਕਰਾਂ ਨੇ ਦੋਸ਼ ਲਗਾਇਆ ਕਿ ਚੋਣ ਅਧਿਕਾਰੀ ਵੋਟਿੰਗ ਸਮੇਂ ਵੋਟਰਾਂ ਨੂੰ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ 'ਸਾਈਕਲ' ਦਾ ਬਟਨ ਦਬਾਉਣ ਲਈ ਕਹਿ ਰਿਹਾ ਸੀ।

ਮੁਰਾਦਾਬਾਦ ਤੋਂ ਸਮਾਜਵਾਦੀ ਪਾਰਟੀ ਦੇ ਐਸ.ਟੀ. ਹਸਨ ਚੋਣ ਲੜ ਰਹੇ ਹਨ, ਜਦਕਿ ਕਾਂਗਰਸ ਵੱਲੋਂ ਇਮਰਾਨ ਪ੍ਰਤਾਪਗੜ੍ਹੀ ਮੈਦਾਨ 'ਚ ਹਨ। ਭਾਜਪਾ ਦੀ ਟਿਕਟ 'ਤੇ ਮੌਜੂਦਾ ਸੰਸਦ ਮੈਂਬਰ ਕੁੰਵਰ ਸਰਵੇਸ਼ ਸਿੰਘ ਚੋਣ ਲੜ ਰਹੇ ਹਨ। ਮੁਰਾਦਾਬਾਦ ਦੇ ਬੂਥ ਨੰਬਰ-231 'ਤੇ ਫ਼ਰਜ਼ੀ ਵੋਟਿੰਗ ਨੂੰ ਲੈ ਕੇ ਹੰਗਾਮਾ ਹੋਇਆ। ਇਸ ਦੌਰਾਨ ਭਾਜਪਾ ਵਰਕਰਾਂ ਨੇ ਇਕ ਚੋਣ ਅਧਿਕਾਰੀ 'ਤੇ ਸਮਾਜਵਾਦੀ ਪਾਰਟੀ ਲਈ ਵੋਟ ਪਾਉਣ ਦੀ ਅਪੀਲ ਕਰਨ ਦਾ ਦੋਸ਼ ਲਗਾਇਆ।

ਇਹ ਦੋਸ਼ ਲਗਾਉਂਦਿਆਂ ਭਾਜਪਾ ਵਰਕਰਾਂ ਨੇ ਮੁਹੰਮਦ ਜੂਬੈਰ ਨਾਂ ਦੇ ਚੋਣ ਅਧਿਕਾਰੀ ਨਾਲ ਮਾਰਕੁੱਟ ਕੀਤੀ। ਮੌਕੇ 'ਤੇ ਮੌਜੂਦ ਸੁਰੱਖਿਆ ਬਲਾਂ ਨੇ ਮਾਮਲੇ ਨੂੰ ਸ਼ਾਂਤ ਕਰਵਾਇਆ। ਹਾਲਾਂਕਿ ਦੋਸ਼ ਲੱਗਣ ਤੋਂ ਬਾਅਦ ਚੋਣ ਅਧਿਕਾਰੀ ਨੂੰ ਵੋਟਿੰਗ ਕੇਂਦਰ ਤੋਂ ਹਟਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਕਾਂਗਰਸ ਦਾ ਗੜ੍ਹ ਰਹੀ ਮੁਰਾਦਾਬਾਦ ਸੀਟ ਤੋਂ ਸਾਲ 2014 'ਚ ਪਹਿਲੀ ਵਾਰ ਭਾਜਪਾ ਨੇ ਜਿੱਤ ਦਰਜ ਕੀਤੀ ਸੀ। ਮੁਰਾਦਾਬਾਦ ਤੋਂ ਇਸ ਵਾਰ 13 ਉਮੀਦਵਾਰ ਮੈਦਾਨ 'ਚ ਹਨ।