ਮਿਸ਼ਨ ਕੇਂਦਰ ਸਰਕਾਰ 'ਤੇ ਨਿਕਲੇ ਚੰਦਰਬਾਬੂ ਨਾਇਡੂ ਅਪਣਾ ਸੂਬਾ ਵੀ ਨਹੀਂ ਬਚਾ ਸਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ, ਇਹਨਾਂ ਨਤੀਜਿਆਂ ਵਿਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਕਈ ਵੋਟਾਂ ਨਾਲ ਪਿੱਛੇ ਚਲ ਰਹੇ ਹਨ।

N. Chandrababu Naidu

ਨਵੀਂ ਦਿੱਲੀ: ਲੋਕ ਸਭਾ ਚੋਣਾਂ ਤੋਂ ਬਾਅਦ ਵੋਟਾਂ ਦੀ ਗਿਣਤੀ ਜਾਰੀ ਹੈ, ਇਹਨਾਂ ਨਤੀਜਿਆਂ ਵਿਚ ਟੀਡੀਪੀ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵੀ ਕਈ ਵੋਟਾਂ ਨਾਲ ਪਿੱਛੇ ਚਲ ਰਹੇ ਹਨ। ਕੇਂਦਰ ਵਿਚ ਗੈਰ-ਭਾਜਪਾ ਦਲਾਂ ਦੀ ਸਰਕਾਰ ਬਨਾਉਣ ਲਈ ਨਾਇਡੂ ਨੇ ਦਿਨ ਰਾਤ ਇਕ ਕਰ ਦਿੱਤੀ ਸੀ। ਪਰ ਹੁਣ ਆਂਧਰਾ ਪ੍ਰਦੇਸ਼ ਦੇ ਰੁਝਾਨਾਂ ਮੁਤਾਬਿਕ ਸੂਬੇ ਦੀਆਂ 25 ਲੋਕ ਸਭਾ ਸੀਟਾਂ ਵਿਚੋਂ 20 ਤੋਂ ਜ਼ਿਆਦਾ ਸੀਟਾਂ ਵਾਈਐਸਆਰ ਕਾਂਗਰਸ ਕੋਲ ਜਾਂਦੀਆਂ ਦਿਖਾਈ ਦੇ ਰਹੀਆਂ ਹਨ।

ਨਾਇਡੂ ਦੀ ਪਾਰਟੀ ਟੀਡੀਪੀ ਨੂੰ ਸਿਰਫ 2-3 ਸੀਟਾਂ 'ਤੇ ਅੱਗੇ ਦਿਖਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਇਹ ਖਬਰ ਵੀ ਸਾਹਮਣੇ ਆਈ ਹੈ ਕਿ ਨਾਇਡੂ ਕਿਸੇ ਵੀ ਸਮੇਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਚੰਦਰ ਬਾਬੂ ਨਾਇਡੂ ਉਹਨਾਂ ਆਗੂਆਂ ਵਿਚ ਸ਼ਾਮਿਲ ਸਨ, ਜਿਨ੍ਹਾਂ ਨੂੰ ਵਿਰੋਧੀ ਦਲਾਂ ਦੀ ਮੁੱਖ ਅਵਾਜ਼ ਮੰਨਿਆ ਜਾ ਰਿਹਾ ਸੀ। ਚੋਣ ਨਤੀਜਿਆਂ ਤੋਂ 2-3 ਦਿਨ ਪਹਿਲਾਂ ਹੀ ਨਾਇਡੂ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ, ਮਾਇਆਵਤੀ, ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਕੁਮਾਰਸਵਾਮੀ, ਦੇਵਗੌੜਾ ਸਮੇਤ ਕਈ ਆਗੂਆਂ ਨਾਲ ਮੁਲਾਕਾਤ ਕੀਤੀ ਸੀ।

ਇਸਦੇ ਨਾਲ ਹੀ ਈਵੀਐਮ ਦੇ ਮੁੱਦੇ 'ਤੇ ਵੀ ਉਹ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕਰਦੇ ਅਤੇ ਪ੍ਰਦਰਸ਼ਨ ਕਰਦੇ ਨਜ਼ਰ ਆਏ। ਪਰ ਹੁਣ ਰੁਝਾਨਾਂ ਤੋਂ ਇਹ ਸਾਫ ਹੋ ਗਿਆ ਹੈ ਕਿ ਨਾਇਡੂ ਅਪਣਾ ਸੂਬਾ ਵੀ ਨਹੀਂ ਬਚਾ ਸਕੇ। ਰੁਝਾਨਾਂ ਮੁਤਾਬਿਕ ਦੇਸ਼ ਭਰ ਵਿਚ ਐਨਡੀਏ ਨੂੰ ਬਹੁਮਤ ਮਿਲਦੀ ਦਿਖਾਈ ਦੇ ਰਹੀ ਹੈ। ਰੁਝਾਨਾਂ ਅਨੁਸਾਰ ਐਨਡੀਏ ਗਠਜੋੜ ਨੂੰ 300 ਤੋਂ ਜ਼ਿਆਦਾ ਸੀਟਾਂ ਮਿਲੀਆਂ ਹਨ ਅਤੇ ਇਹ ਜਿੱਤ 2014 ਦੀ ਜਿੱਤ ਤੋਂ ਵੀ ਵੱਡੀ ਜਿੱਤ ਸਾਬਿਤ ਹੋ ਸਕਦੀ ਹੈ। ਉਥੇ ਹੀ ਕਾਂਗਰਸ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਨੂੰ ਇਸ ਵਾਰ ਵੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਪਾਰਟੀ ਦੇ ਕਈ ਵੱਡੇ ਆਗੂ ਅਪਣੀਆਂ ਸੀਟਾਂ ਨੂੰ ਗੁਆ ਰਹੇ ਹਨ।