‘ਆਪ’ ਨੇ ਪੁਲਿਸ ’ਤੇ ਲਗਾਇਆ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ, ਦਿੱਲੀ ਪੁਲਿਸ ਨੇ ਕੀਤਾ ਇਨਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਸੋਦੀਆ ਨੂੰ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।

Manish Sisodia (File Photo)

 

ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਇਲਜ਼ਾਮ ਲਗਾਇਆ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਇਥੇ ਰਾਊਜ਼ ਐਵੇਨਿਊ ਅਦਾਲਤ ਵਿਚ ਇਕ ਪੁਲਿਸ ਕਰਮਚਾਰੀ ਨੇ ਬਦਸਲੂਕੀ ਕੀਤੀ। ਹਾਲਾਂਕਿ, ਦਿੱਲੀ ਪੁਲਿਸ ਨੇ 'ਆਪ' ਦੇ ਇਲਜ਼ਾਮ ਨੂੰ ਖਾਰਜ ਕਰਦੇ ਹੋਏ ਇਸ ਨੂੰ ‘ਪ੍ਰੋਪਗੰਡਾ' ਕਰਾਰ ਦਿਤਾ ਹੈ। ਸਿਸੋਦੀਆ ਨੂੰ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।

ਦਿੱਲੀ ਦੇ ਸਿੱਖਿਆ ਮੰਤਰੀ ਆਤਿਸ਼ੀ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, “ਰਾਊਜ਼ ਐਵੇਨਿਊ ਕੋਰਟ 'ਚ ਇਸ ਪੁਲਿਸ ਕਰਮਚਾਰੀ ਦੀ ਮਨੀਸ਼ ਸਿਸੋਦੀਆ ਨਾਲ ਬਦਸਲੂਕੀ ਹੈਰਾਨ ਕਰਨ ਵਾਲੀ ਹੈ। ਦਿੱਲੀ ਪੁਲਿਸ ਉਸ ਨੂੰ ਤੁਰਤ ਮੁਅੱਤਲ ਕਰੇ” ਪੁਲਿਸ ਦੀ ਆਲੋਚਨਾ ਕਰਦੇ ਹੋਏ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, “ਕੀ ਪੁਲਿਸ ਨੂੰ ਮਨੀਸ਼ ਸਿਸੋਦੀਆ ਨਾਲ ਇਸ ਤਰ੍ਹਾਂ ਬਦਸਲੂਕੀ ਕਰਨ ਦਾ ਅਧਿਕਾਰ ਹੈ? ਕੀ ਪੁਲਿਸ ਨੂੰ ਅਜਿਹਾ ਕਰਨ ਲਈ ਕਿਹਾ ਗਿਆ ਹੈ?"

ਇਨ੍ਹਾਂ ਇਲਜ਼ਾਮਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਪੁਲਿਸ ਨੇ ਇਸ ਨੂੰ ‘ਪ੍ਰੋਪਗੰਡਾ'  ਕਰਾਰ ਦਿਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਿਆਂਇਕ ਹਿਰਾਸਤ ਵਿਚ ਕਿਸੇ ਮੁਲਜ਼ਮ ਵਲੋਂ ਮੀਡੀਆ ਨੂੰ ਬਿਆਨ ਦੇਣਾ ਕਾਨੂੰਨ ਦੇ ਵਿਰੁਧ ਹੈ। ਦਿੱਲੀ ਪੁਲਿਸ ਨੇ ਟਵੀਟ ਕੀਤਾ, ''ਰਾਊਜ਼ ਐਵੇਨਿਊ ਕੋਰਟ 'ਚ ਪੇਸ਼ੀ ਦੌਰਾਨ ਮਨੀਸ਼ ਸਿਸੋਦੀਆ ਨਾਲ ਪੁਲਿਸ ਵਲੋਂ ਬਦਸਲੂਕੀ ਦੀ ਗੱਲ ਪ੍ਰੋਪਗੰਡਾ ਹੈ। ਪੁਲਿਸ ਮੁਲਾਜ਼ਮ ਨੇ ਸੁਰੱਖਿਆ ਕਾਰਨਾਂ ਕਰਕੇ ਸਿਸੋਦੀਆ ਨੂੰ ਫੜਿਆ ਹੋਇਆ ਸੀ। ਨਿਆਂਇਕ ਹਿਰਾਸਤ ਵਿਚ ਮੁਲਜ਼ਮਾਂ ਵਲੋਂ ਮੀਡੀਆ ਨੂੰ ਬਿਆਨ ਜਾਰੀ ਕਰਨਾ ਕਾਨੂੰਨ ਵਿਰੁਧ ਹੈ।”

ਦਰਅਸਲ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਸੀ। ਉਨ੍ਹਾਂ ਕਿਹਾ, “ਮੋਦੀ ਜੀ ਨੂੰ ਹੰਕਾਰ ਹੋ ਗਿਆ ਹੈ, ਉਹ ਲੋਕਤੰਤਰ ਨੂੰ ਨਹੀਂ ਮੰਨਦੇ”।