UPSC ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਜਾਰੀ, ਦਿੱਲੀ ਯੂਨੀਵਰਸਿਟੀ ਦੀ ਇਸ਼ਿਤਾ ਕਿਸ਼ੋਰ ਨੇ ਕੀਤਾ ਟਾਪ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਰਿਮਾ ਲੋਹੀਆ, ਉਮਾ ਹਾਰਤੀ ਐਨ ਅਤੇ ਸਮ੍ਰਿਤੀ ਮਿਸ਼ਰਾ ਨੇ ਪ੍ਰੀਖਿਆ ਵਿਚ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ

UPSC Civil Services 2022 final result declared

 

ਨਵੀਂ ਦਿੱਲੀ: ਸੰਘ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਵਲੋਂ ਮੰਗਲਵਾਰ ਨੂੰ ਐਲਾਨੇ ਗਏ ਸਿਵਲ ਸੇਵਾਵਾਂ ਪ੍ਰੀਖਿਆ 2022 ਦੇ ਨਤੀਜਿਆਂ ਵਿਚ ਦਿੱਲੀ ਯੂਨੀਵਰਸਿਟੀ (ਡੀਯੂ) ਦੀ ਗ੍ਰੈਜੂਏਟ ਇਸ਼ਿਤਾ ਕਿਸ਼ੋਰ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਇਸ ਦੇ ਨਾਲ ਹੀ ਪਹਿਲੇ ਚਾਰ ਸਥਾਨਾਂ ’ਤੇ ਮਹਿਲਾਵਾਂ ਨੇ ਸਫ਼ਲਤਾ ਹਾਸਲ ਕੀਤੀ ਹੈ। ਨਤੀਜਿਆਂ ਅਨੁਸਾਰ ਗਰਿਮਾ ਲੋਹੀਆ, ਉਮਾ ਹਾਰਤੀ ਐਨ ਅਤੇ ਸਮ੍ਰਿਤੀ ਮਿਸ਼ਰਾ ਨੇ ਪ੍ਰੀਖਿਆ ਵਿਚ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ। ਲੋਹੀਆ ਅਤੇ ਮਿਸ਼ਰਾ ਡੀਯੂ ਗ੍ਰੈਜੂਏਟ ਹਨ, ਜਦਕਿ ਹਾਰਤੀ ਐਨ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT)-ਹੈਦਰਾਬਾਦ ਤੋਂ B.Tech ਡਿਗਰੀ ਧਾਰਕ ਹੈ।

ਇਹ ਵੀ ਪੜ੍ਹੋ: WhatsApp ਦਾ ਨਵਾਂ ਫੀਚਰ: Message ਭੇਜਣ ਤੋਂ ਬਾਅਦ ਉਸ ਨੂੰ 15 ਮਿੰਟ ਤਕ ਕਰ ਸਕੋਗੇ Edit  

ਇਹ ਲਗਾਤਾਰ ਦੂਜਾ ਸਾਲ ਹੈ ਜਦ ਮਹਿਲਾ ਉਮੀਦਵਾਰਾਂ ਨੇ ਵੱਕਾਰੀ ਪ੍ਰੀਖਿਆ ਵਿਚ ਚੋਟੀ ਦੇ ਰੈਂਕ ਹਾਸਲ ਕੀਤੇ ਹਨ। ਸਿਵਲ ਸਰਵਿਸਿਜ਼ ਪ੍ਰੀਖਿਆ 2021 ਵਿਚ ਸ਼ਰੂਤੀ ਸ਼ਰਮਾ, ਅੰਕਿਤਾ ਅਗਰਵਾਲ ਅਤੇ ਗਾਮਿਨੀ ਸਿੰਗਲਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਸੀ। ਯੂ.ਪੀ.ਐਸ.ਸੀ. ਨੇ ਕਿਹਾ ਕਿ 933 ਉਮੀਦਵਾਰਾਂ-613 ਪੁਰਸ਼ ਅਤੇ 320 ਔਰਤਾਂ ਨੇ ਸਿਵਲ ਸਰਵਿਸਿਜ਼ ਪ੍ਰੀਖਿਆ 2022 ਲਈ ਯੋਗਤਾ ਪੂਰੀ ਕੀਤੀ ਹੈ। ਚੋਟੀ ਦੇ 25 ਰੈਂਕ ਹਾਸਲ ਕਰਨ ਵਾਲੇ ਉਮੀਦਵਾਰਾਂ ਵਿਚ 14 ਔਰਤਾਂ ਅਤੇ 11 ਪੁਰਸ਼ ਸ਼ਾਮਲ ਹਨ।

ਇਹ ਵੀ ਪੜ੍ਹੋ: ਗ਼ੈਰ-ਕਾਨੂੰਨੀ ਮੁਆਵਜ਼ਾ ਲੈਣ ਦਾ ਮਾਮਲਾ: ਕਰੋੜਾਂ ਰੁਪਏ ਦਾ ਗ਼ਲਤ ਮੁਨਾਫਾ ਲੈਣ ਵਾਲੇ ਛੇ ਹੋਰ ਮੁਲਜ਼ਮ ਵਿਜੀਲੈਂਸ ਵਲੋਂ ਗ੍ਰਿਫਤਾਰ

ਸਿਵਲ ਸਰਵਿਸਿਜ਼ ਇਮਤਿਹਾਨ ਯੂ.ਪੀ.ਐਸ.ਸੀ. ਵਲੋਂ ਸਾਲਾਨਾ ਤਿੰਨ ਪੜਾਵਾਂ ਵਿਚ ਆਯੋਜਤ ਕੀਤਾ ਜਾਂਦਾ ਹੈ। ਇਸ ਪ੍ਰੀਖਿਆ ਰਾਹੀਂ, ਉਮੀਦਵਾਰਾਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (IAS), ਭਾਰਤੀ ਵਿਦੇਸ਼ ਸੇਵਾ (IFS) ਅਤੇ ਭਾਰਤੀ ਪੁਲਿਸ ਸੇਵਾ (IPS) ਸਮੇਤ ਹੋਰ ਸੇਵਾਵਾਂ ਲਈ ਚੁਣਿਆ ਜਾਂਦਾ ਹੈ।

ਇਹ ਵੀ ਪੜ੍ਹੋ: ਸੂਬੇ ਭਰ ਵਿਚ ਕਣਕ ਦੀ ਖਰੀਦ ਸਬੰਧੀ ਕਾਰਜ ਸਫ਼ਲਤਾਪੂਰਵਕ ਮੁਕੰਮਲ 

ਯੂ.ਪੀ.ਐਸ.ਸੀ. ਨੇ ਕਿਹਾ, "ਨਤੀਜੇ ਐਲਾਨੇ ਜਾਣ ਦੇ 15 ਦਿਨਾਂ ਦੇ ਅੰਦਰ-ਅੰਦਰ ਅੰਕ ਵੈਬਸਾਈਟ 'ਤੇ ਉਪਲਬਧ ਹੋਣਗੇ।" ਸਿਵਲ ਸੇਵਾਵਾਂ ਦੀ ਮੁੱਢਲੀ ਪ੍ਰੀਖਿਆ 2022 ਪਿਛਲੇ ਸਾਲ 5 ਜੂਨ ਨੂੰ ਕਰਵਾਈ ਗਈ ਸੀ। ਇਸ ਪ੍ਰੀਖਿਆ ਲਈ ਕੁੱਲ 11,35,697 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਨ੍ਹਾਂ ਵਿਚੋਂ 5,73,735 ਨੇ ਪ੍ਰੀਖਿਆ ਦਿਤੀ ਸੀ। ਸਤੰਬਰ 2022 ਵਿਚ ਹੋਈ ਲਿਖਤੀ (ਮੁੱਖ) ਪ੍ਰੀਖਿਆ ਵਿਚ ਕੁੱਲ 13,090 ਉਮੀਦਵਾਰ ਬੈਠੇ ਸਨ।