ਮੁਫ਼ਤੀ ਸਬਜ਼ੀ ਦੇਣ ਤੋਂ ਇਨਕਾਰ ਕਰਨ 'ਤੇ ਪੁਲਿਸ ਮੁਲਾਜ਼ਮਾਂ ਨੇ ਨਾਬਾਲਗ ਨੂੰ ਭੇਜਿਆ ਜੇਲ੍ਹ
ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਨਾਬਾਲਗ ਲੜਕੇ ਨੇ ਪੁਲਿਸ ਵਾਲੇ ਨੂੰ ਮੁਫ਼ਤ ਵਿਚ ਸਬਜ਼ੀ ਨਹੀਂ ਦਿਤੀ ਤਾਂ ਉਸ ਨੂੰ ਝੂਠੇ ਦੋਸ਼...
ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਨਾਬਾਲਗ ਲੜਕੇ ਨੇ ਪੁਲਿਸ ਵਾਲੇ ਨੂੰ ਮੁਫ਼ਤ ਵਿਚ ਸਬਜ਼ੀ ਨਹੀਂ ਦਿਤੀ ਤਾਂ ਉਸ ਨੂੰ ਝੂਠੇ ਦੋਸ਼ ਵਿਚ ਜੇਲ੍ਹ ਭੇਜ ਦਿਤਾ। ਦੋਸ਼ ਹੈ ਕਿ ਇਸੇ ਸਾਲ ਮਾਰਚ ਵਿਚ ਪੁਲਿਸ ਮੁਲਾਜ਼ਮਾਂ ਨੂੰ ਮੁਫ਼ਤ ਵਿਚ ਸਬਜ਼ੀ ਨਾ ਦੇਣ ਦੀ ਵਜ੍ਹਾ ਨਾਲ 14 ਸਾਲ ਦੇ ਸਬਜ਼ੀ ਵੇਚਣ ਵਾਲੇ ਇਕ ਦਲਿਤ ਲੜਕੇ ਨੂੰ ਗ੍ਰਿਫ਼ਤਾਰ ਕੀਤਾ। 14 ਸਾਲ ਦਾ ਪੰਕਜ ਕੁਮਾਰ ਪਿਛਲੇ ਤਿੰਨ ਮਹੀਨੇ ਤੋਂ ਬੇਉਰ ਜੇਲ੍ਹ ਵਿਚ ਕੈਦ ਹੈ। ਇਸ ਮਾਮਲੇ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੰਭੀਰਤਾ ਦਿਖਾਉਂਦੇ ਹੋਏ 48 ਘੰਟੇ ਦੇ ਅੰਦਰ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿਤਾ ਹੈ।
ਦਰਅਸਲ ਅਗਮਕੂਆਂ ਥਾਣਾ ਖੇਤਰ ਦੇ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਪੰਕਜ ਨੇ ਮੁਫ਼ਤ ਵਿਚ ਸਬਜ਼ੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਪੰਕਜ ਦੇ ਪਿਤਾ ਸੁਖਲ ਪਾਸਵਾਨ ਦਾ ਦੋਸ਼ ਹੈ ਕਿ ਪੁਲਿਸ ਨੇ ਉਸ ਦੇ ਵਿਰੁਧ ਲੁੱਟ/ ਡਕੈਤ ਅਤੇ ਗ਼ੈਰ ਕਾਨੂੰਨੀ ਹਥਿਆਰ ਰੱਖਣ ਦਾ ਝੂਠਾ ਮਾਮਲਾ ਦਰਜ ਕਰ ਲਿਆ। ਐਫਆਈਆਰ ਵਿਚ 18 ਸਾਲਾ ਦਾ ਜ਼ਿਕਰ ਕਰਕੇ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ ਕਿਉਂਕਿ ਪੰਕਜ ਨੇ ਮੁਫ਼ਤ ਵਿਚ ਸਬਜ਼ੀ ਦੇਣ ਤੋਂ ਪੁਲਿਸ ਵਾਲਿਆਂ ਨੂੰ ਇਨਕਾਰ ਕਰ ਦਿਤਾ ਸੀ। ਸੁਖਲ ਪਾਸਵਾਨ ਦਾਅਵਾ ਕਰਦੇ ਹਨ ਕਿ ਪੰਕਜ ਇਕ ਨਾਬਾਲਗ ਹੈ ਅਤੇ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ।
ਜਦਕਿ ਪੁਲਿਸ ਦਾ ਦਾਅਵਾ ਹੈ ਕਿ ਪੰਕਜ ਨੂੰ ਮੋਟਰਸਾਈਕਲ ਲਿਫ਼ਟਰ ਗਿਰੋਹ ਦੇ ਮੈਂਬਰਾਂ ਨਾਲ ਫੜਿਆ ਗਿਆ ਸੀ। ਪੀੜਤ ਦੇ ਪਿਤਾ ਨੇ 20 ਮਾਰਚ ਨੂੰ ਜਦੋਂ ਅਪਣੇ ਬੇਟੇ ਦੇ ਇਸ ਕੇਸ ਦੇ ਬਾਰੇ ਵਿਚ ਸੁਣਿਆ ਤਾਂ ਮੁੱਖ ਮੰਤਰੀ, ਗਵਰਨਰ ਅਤੇ ਪੁਲਿਸ ਅਧਿਕਾਰੀਆਂ ਸਮੇਤ ਸਾਰਿਆਂ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਥੇ ਪੰਕਜ ਦਾ ਦੋਸ਼ ਹੈ ਕਿ ਉਸ 'ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਇਕ ਖ਼ਾਲੀ ਕਾਗਜ਼ 'ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਪੰਕਜ ਨੇ ਇਹ ਗੱਲ ਅਪਣੇ ਪਿਤਾ ਨੂੰ ਦੱਸੀ। ਪੀੜਤ ਦੇ ਪਿਤਾ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਬੇਟੇ ਨੂੰ ਜ਼ਬਰਦਸਤੀ ਉਠਾਇਆ ਹੈ। ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਹੈ, ਨਾਲ ਹੀ ਪੁਲਿਸ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।