ਐਨਜੀਓ ਨੇ ਪੁਲਿਸ ਦੀ ਮਦਦ ਨਾਲ ਡਾਕਟਰ ਦੇ ਘਰੋਂ ਬਚਾਏ ਮਰਨ ਕੰਢੇ ਪੁੱਜੇ ਵਿਦੇਸ਼ੀ ਨਸਲ ਦੇ ਕੁੱਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੱਥੇ ਇਕ ਡਾਕਟਰ ਦੇ ਘਰ ਤੋਂ ਪੁਲਿਸ ਅਤੇ ਐਨਜੀਓ ਨੇ ਨੌਂ ਵਿਦੇਸ਼ੀ ਕੁੱਤਿਆਂ ਨੂੰ ਬਚਾਇਆ ਜੋ ਮਰਨ ਦੇ ਕਿਨਾਰੇ ਪਹੁੰਚ ਗਏ ਸਨ। ਪੁਲਿਸ ਨੇ ...

dogs

ਮੁੰਬਈ : ਇੱਥੇ ਇਕ ਡਾਕਟਰ ਦੇ ਘਰ ਤੋਂ ਪੁਲਿਸ ਅਤੇ ਐਨਜੀਓ ਨੇ ਨੌਂ ਵਿਦੇਸ਼ੀ ਕੁੱਤਿਆਂ ਨੂੰ ਬਚਾਇਆ ਜੋ ਮਰਨ ਦੇ ਕਿਨਾਰੇ ਪਹੁੰਚ ਗਏ ਸਨ। ਪੁਲਿਸ ਨੇ ਮੁਲਜ਼ਮ ਡਾਕਟਰ ਵਿਰੇਂਦਰ ਪਾਲ ਸਿੰਘ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਮੁੰਬਈ ਦੇ ਕਲਿਆਣ ਪੱਮੀ ਇਲਾਕੇ ਦੀ ਹੈ, ਜਿੱਥੇ ਉਕਤ ਡਾਕਟਰ ਦੇ ਘਰੋਂ ਵਿਦੇਸ਼ੀ ਨਸਲ ਦੇ ਕੁੱਤੇ ਕਾਫ਼ੀ ਬੁਰੀ ਹਾਲਤ ਵਿਚ ਮਿਲੇ। ਐਨਜੀਓ ਨੇ ਪੁਲਿਸ ਦੀ ਮਦਦ ਨਾਲ ਕਿਸੇ ਵਲੋਂ ਕੀਤੀ ਗਈ ਇਕ ਸ਼ਿਕਾਇਤ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਸੀ।

ਐਨਜੀਓ ਦੇ ਕਾਰਜਕਾਰੀ ਪ੍ਰਧਾਨ ਚੇਤਨ ਰਾਮਾਨੰਦ ਨੂੰ ਖ਼ਬਰ ਮਿਲੀ ਸੀ ਕਿ ਇਕ ਡਾਕਟਰ ਵਲੋਂ ਅਪਣੇ ਬੰਗਲੇ ਵਿਚ ਕਈ ਕੁੱਤਿਆਂ ਨੂੰ ਭੁੱਖਾ-ਪਿਆਸਾ ਰੱਖਿਆ ਜਾ ਰਿਹਾ ਹੈ, ਜਿਸ ਨਾਲ ਕੁੱਤਿਆਂ ਦੀ ਹਾਲਤ ਕਾਫ਼ੀ ਖ਼ਰਾਬ ਹੋ ਗਈ ਹੈ। ਇਹ ਸੂਚਨਾ ਮਿਲਣ 'ਤੇ ਐਨਜੀਓ ਦੇ ਕਾਰਜਕਾਰੀ ਪ੍ਰਧਾਨ ਚੇਤਨ ਨੇ ਡਾਕਟਰ ਦੇ ਬੰਗਲੇ 'ਤੇ ਜਾ ਕੇ ਇਸ ਗੱਲ ਦਾ ਮੁਆਇਨਾ ਕੀਤਾ ਪਰ ਜਦੋਂ ਉਸ ਨੇ ਕੁੱਤਿਆਂ ਦੀ ਹਾਲਤ ਦੇਖੀ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਭੁੱਖ ਅਤੇ ਪਿਆਸ ਦੀ ਵਜ੍ਹਾ ਕਰਕੇ ਕਈ ਕੁੱਤੇ ਮਰਨ ਕਿਨਾਰੇ ਪੁੱਜੇ ਹੋਏ ਸਨ। 

ਉਨ੍ਹਾਂ ਨੇ ਫੇਰ ਪੁਲਿਸ ਨੂੰ ਇਸ ਗੱਲ ਦੀ ਸੂਚਨਾ ਦਿਤੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਕੁੱਤਿਆਂ ਨੂੰ ਛੁਡਾਇਆ।ਡਾਕਟਰ ਦੇ ਬੰਗਲੇ ਵਿਚ ਨੌਂ ਵਿਦੇਸ਼ੀ ਨਸਲ ਦੇ ਅਤੇ ਮਹਿੰਗੇ ਕੁੱਤੇ ਗੰਭੀਰ ਹਾਲਤ ਵਿਚ ਸਨ। ਜੇਕਰ ਕੁੱਝ ਦਿਨ ਹੋਰ ਇਹ ਕਾਰਵਾਈ ਨਾ ਕੀਤੀ ਜਾਂਦੀ ਤਾਂ ਯਕੀਨਨ ਤੌਰ 'ਤੇ ਕੁੱਝ ਕੁੱਤਿਆਂ ਦੀ ਮੌਤ ਹੋ ਜਾਣੀ ਸੀ। ਉਨ੍ਹਾਂ ਦੀ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਈ ਦਿਨਾਂ ਤੋਂ ਉਨ੍ਹਾਂ ਨੂੰ ਕਾਫ਼ੀ ਘੱਟ ਖਾਣਾ ਦਿਤਾ ਜਾ ਰਿਹਾ ਸੀ  ਅਤੇ ਕਈ ਵਾਰ ਉਨ੍ਹਾਂ ਨੂੰ ਭੁੱਖਾ ਰਖਿਆ ਜਾ ਰਿਹਾ ਸੀ।

ਚੇਤਨ ਸ਼ਰਮਾ ਨੇ ਦਸਿਆ ਕਈ ਭੁੱਖ ਲੱਗਣ ਕਾਰਨ ਕੁੱਤਿਆਂ ਨੇ ਆਪਣਾ ਮਾਸ ਖਾਣਾ ਸ਼ੁਰੂ ਕਰ ਦਿਤਾ ਸੀ।ਪੁਲਿਸ ਦੀ ਮਦਦ ਨਾਲ ਇਨ੍ਹਾਂ ਕੁੱਤਿਆਂ ਨੂੰ ਬਾਹਰ ਕੱਢਿਆ ਗਿਆ ਹੈ ਅਤੇ ਥਾਣੇ ਲਿਜਾਇਆ ਗਿਆ। ਕੁੱਝ ਦੇਰ ਲਈ ਇਨ੍ਹਾਂ ਨੂੰ ਥਾਣੇ 'ਚ ਰੱਖਣ ਤੋਂ ਬਾਅਦ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਲਿਜਾਂਦਿਆਂ ਹੀ ਉਨ੍ਹਾਂ ਨੂੰ ਦਾ ਇਲਾਜ ਸ਼ੁਰੂ ਕਰਵਾਇਆ ਗਿਆ।ਇਨ੍ਹਾਂ ਬਚਾਏ ਗਏ ਕੁੱਤਿਆਂ ਵਿਚ ਸਾਰੇ ਕੁੱਤੇ ਮਹਿੰਗੀ ਨਸਲ ਦੇ ਹਨ।

ਇਨ੍ਹਾਂ ਵਿਦੇਸ਼ੀ ਨਸਲ ਦੇ ਕੁੱਤਿਆਂ ਵਿਚ ਤਿੰਨ ਗੋਲਡਨ ਰੇਟਰੀਵਰ, ਤਿੰਨ ਸਾਈਬਰ ਹਸਕੀ, ਇਕ ਡੇਗੋ ਅਰਜੰਤੀਣੋ ਅਤੇ ਇਕ ਫ੍ਰੈਂਚ ਮੈਸਟਿਫ ਨਸਲ ਦਾ ਕੁੱਤਾ ਹੈ। ਜਾਣਕਾਰੀ ਅਨੁਸਾਰ ਇਸ ਤਰ੍ਹਾਂ ਦੇ ਵਿਦੇਸ਼ੀ ਨਸਲ ਦੇ ਕੁੱਤਿਆਂ ਦੇ ਬੱਚਿਆਂ ਦੀ ਕੀਮਤ ਆਮ ਮਾਰਕਿਟ ਵਿਚ 70 ਹਜ਼ਾਰ ਰੁਪਏ ਤਕ ਹੁੰਦੀ ਹੈ। ਹੁਣ ਪੁਲਿਸ ਨੇ ਡਾਕਟਰ ਵਿਰੁਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।