PM Cares ਫੰਡ ਨਾਲ ਬਣਨਗੇ 50 ਹਜ਼ਾਰ ਵੈਂਟੀਲੇਟਰ, 2000 ਕਰੋੜ ਆਵੇਗੀ ਲਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਖਿਲਾਫ ਭਾਰਤ ਦੀ ਜੰਗ ਜਾਰੀ ਹੈ।

Ventilator

ਨਵੀਂ ਦਿੱਲੀ: ਕੋਰੋਨਾ ਵਾਇਰਸ ਖਿਲਾਫ ਭਾਰਤ ਦੀ ਜੰਗ ਜਾਰੀ ਹੈ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ਪੀਐਮ ਕੇਅਰਜ਼ ਫੰਡ ਨੂੰ ਲੈ ਕੇ ਉਹ ਸਵਾਲਾਂ ਦੇ ਘੇਰੇ ਵਿਚ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੀਐਮ ਕੇਅਰਜ਼ ਫੰਡ ਨੂੰ ਲੈ ਕੇ ਖੜ੍ਹੇ ਹੋ ਰਹੇ ਸਵਾਲਾਂ ਦੌਰਾਨ ਸੀਡੀਡੀਈਟੀ ਦੀ ਇਕ ਰਿਪੋਰਟ ਵਿਚ ਕਈ ਅਹਿਮ ਖੁਲਾਸੇ ਕੀਤੇ ਗਏ। 

ਦ ਸੈਂਟਰ ਫਾਰ ਡਿਸੀਜ਼ ਡਾਇਨੇਮਿਕਸ, ਇਕਨਾਮਿਕਸ ਐਂਡ ਪਾਲਿਸੀ ਦੀ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਪੀਐਮ ਕੇਅਰਜ਼ ਫੰਡ ਦਾ ਪੈਸਾ ਕਿੱਥੇ-ਕਿੱਥੇ ਖਰਚ ਹੋਇਆ ਅਤੇ ਇਸ ਨੂੰ ਦੇਸ਼ ਵਿਚ ਕੋਰੋਨਾ ਵਿਰੁੱਧ ਲੜਨ ਲਈ ਕਿੱਥੇ ਕਿੱਥੇ ਲਗਾਇਆ ਗਿਆ ਹੈ।

ਰਿਪੋਰਟ ਮੁਤਾਬਕ ਪੀਐਮ ਕੇਅਰਜ਼ ਫੰਡ ਨਾਲ ਦੇਸ਼ ਵਿਚ ਹੁਣ ਤੱਕ 50 ਹਜ਼ਾਰ ਵੈਂਟੀਲੇਟਰ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਵਿਚੋਂ 2923 ਵੈਂਟੀਲੇਟਰ ਬਣ ਚੁੱਕੇ ਹਨ। ਰਿਪੋਰਟ ਮੁਤਾਬਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਰਕਾਰੀ ਹਸਪਤਾਲਾਂ ਵਿਚ ਮੇਡ ਇੰਨ ਇੰਡੀਆ ਦੇ ਤਹਿਤ ਤਿਆਰ ਇਹਨਾਂ ਵੈਂਟੀਲੇਟਰਾਂ ਲਈ ਪੀਐਮ ਕੇਅਰਜ਼ ਫੰਡ ਨਾਲ 2000 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਉੱਥੇ ਹੀ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਨਾਲ ਜੁੜੇ ਪ੍ਰੋਜਾਕਟ ਵਿਚ 1000 ਕਰੋੜ ਰੁਪਏ ਖਰਚ ਹੋਏ ਹਨ। ਕੁੱਲ 50 ਹਜ਼ਾਰ ਵੈਂਟੀਲੇਟਰਾਂ ਵਿਚੋਂ 30 ਹਜ਼ਾਰ ਵੈਂਟੀਲੇਟਰ ਭਾਰਤ ਇਲੈਕਟਾਨਿਕਸ (M/s Bharat Electronics Limited) ਨੇ ਬਣਾਏ ਹਨ। ਬਾਕੀ 20 ਹਜ਼ਾਰ ਵੈਂਟੀਲੇਟਰ ਤਿੰਨ ਕੰਪਨੀਆਂ ਨੇ ਮਿਲ ਕੇ ਬਣਾਏ ਹਨ।

ਇਹਨਾਂ ਵਿਚ ਅਗਵਾ ਹੈਲਥਕੇਅਰ (AgVa Healthcare) ਨੇ 10 ਹਜ਼ਾਰ ਵੈਂਟੀਲੇਟਰ, ਐਮਟਿਜੇਡ (AMTZ Basic) ਨੇ 5650 ਵੈਂਟੀਲੇਟਰ ਅਤੇ ਐਮਟਿਜੇਡ ਹਾਈ ਐਂਡ (AMTZ High End) ਨੇ 4 ਹਜ਼ਾਰ ਵੈਂਟੀਲੇਟਰ ਅਤੇ ਅਲਾਇਡ ਮੈਡੀਕਲ (Allied Medical) ਨੇ 350 ਵੈਂਟੀਲੇਟਰ ਦਾ ਨਿਰਮਾਣ ਕੀਤਾ ਹੈ। ਹੁਣ ਤੱਕ 1340 ਵੈਂਟੀਲੇਟਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਜਾ ਚੁੱਕੇ ਹਨ। ਜੂਨ ਦੇ ਅਖੀਰ ਤੱਕ ਸਾਰੇ ਸੂਬਿਆਂ ਵਿਚ 14 ਹਜ਼ਾਰ ਹੋਰ ਵੈਂਟੀਲੇਟਰ ਦੀ ਸਪਲਾਈ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।