WHO ਨੇ ਕੋਰੋਨਾ ਨੂੰ ਲੈ ਕੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ, ਕਿਹਾ ‘ਇਸ ਤਰ੍ਹਾਂ ਨਹੀਂ ਹਾਰੇਗਾ ਕੋਰੋਨਾ’

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਨੇਤਾਵਾਂ ਨੂੰ ਕੋਰੋਨਾ ਵਾਇਰਸ ‘ਤੇ ਰਾਜਨੀਤੀ ਨਾ ਕਰਨ ਲਈ ਕਿਹਾ ਹੈ।

WHO

ਵਾਸ਼ਿੰਗਟਨ: ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਨੇਤਾਵਾਂ ਨੂੰ ਕੋਰੋਨਾ ਵਾਇਰਸ ‘ਤੇ ਰਾਜਨੀਤੀ ਨਾ ਕਰਨ ਲਈ ਕਿਹਾ ਹੈ। ਡਬਲਿਯੂਐਚਓ ਨੇ ਕੋਰੋਨਾ ਜੰਗ ਵਿਚ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਸੰਗਠਨ ਦੇ ਮੁਖੀ ਟੇਡਰੋਸ ਐਡਹੈਮਨ ਨੇ ਸੋਮਵਾਰ ਨੂੰ ਕਿਹਾ ਕਿ ਇਹ ਮਹਾਂਮਾਰੀ ਦੀ ਰਫ਼ਤਾਰ ਹੁਣ ਵੀ ਵਧ ਰਹੀ ਹੈ ਅਤੇ ਰੋਜ ਨਵੇਂ ਮਾਮਲਿਆਂ ਦੇ ਨਵੇਂ ਰਿਕਾਰਡ ਬਣ ਰਹੇ ਹਨ।

ਟੇਡਰੋਸ ਨੇ ਕਿਹਾ ਕਿ ਪਹਿਲਾਂ 10 ਲੱਖ ਮਾਮਲੇ ਆਉਣ ਵਿਚ 3 ਮਹੀਨੇ ਦਾ ਸਮਾਂ ਲੱਗਿਆ ਸੀ ਪਰ ਆਖਰੀ 10 ਲੱਖ ਮਾਮਲੇ ਆਉਣ ਵਿਚ ਸਿਰਫ 8 ਦਿਨ ਦਾ ਸਮਾਂ ਲੱਗਿਆ ਹੈ। ਉਹਨਾਂ ਨੇ ਕਿਹਾ-ਸਾਨੂੰ ਹੁਣ ਸਭ ਤੋਂ ਵੱਡਾ ਖਤਰਾ ਵਾਇਰਸ ਤੋਂ ਨਹੀਂ ਬਲਕਿ ਵਿਸ਼ਵ ਪੱਧਰੀ ਇਕਜੁਟਤਾ ਅਤੇ ਅਗਵਾਈ ਦੀ ਕਮੀ ਤੋਂ ਹੈ। ਇਕ ਵੰਡੀ ਹੋਈ ਦੁਨੀਆ ਵਿਚ ਅਸੀਂ ਇਸ ਮਹਾਂਮਾਰੀ ਨੂੰ ਨਹੀਂ ਹਰਾ ਸਕਦੇ।

ਸੰਗਠਨ ਮੁਖੀ ਨੇ ਕਿਹਾ-ਕੋਵਿਡ-19 ਮਹਾਂਮਾਰੀ ਨੇ ਇਹ ਦਿਖਾ ਦਿੱਤਾ ਹੈ ਕਿ ਦੁਨੀਆ ਤਿਆਰ ਨਹੀਂ ਸੀ। ਵਿਸ਼ਵ ਪੱਧਰ ‘ਤੇ ਮਹਾਂਮਾਰੀ ਵਧ ਰਹੀ ਹੈ। ਉੱਥੇ ਹੀ ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਦੂਤ ਡੇਵਿਡ ਨੇਬਰੋ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਦੇ ਸਾਰੇ ਲੋਕਾਂ ਨੂੰ ਵੈਕਸੀਨ ਮਿਲਣ ਵਿਚ ਢਾਈ ਸਾਲ ਦਾ ਸਮਾਂ ਲੱਗ ਸਕਦਾ ਹੈ। ਡੇਵਿਡ ਨੇਬਰੋ ਨੇ ਕਿਹਾ ਕਿ ਜੇਕਰ ਇਸ ਸਾਲ ਦੇ ਅਖੀਰ ਤੱਕ ਵੀ ਵੈਕਸੀਨ ਸਫਲ ਹੋ ਜਾਂਦੀ ਹੈ ਤਾਂ ਸੁਰੱਖਿਆ ਅਤੇ ਹੋਰ ਟੈਸਟ ਕਰਨ ਵਿਚ ਸਮਾਂ ਲੱਗ ਸਕਦਾ ਹੈ।

ਇਸ ਤੋਂ ਬਾਅਦ ਭਾਰੀ ਗਿਣਤੀ ਵਿਚ ਵੈਕਸੀਨ ਦੇ ਉਤਪਾਦਨ ਦੀ ਵੀ ਚੁਣੌਤੀ ਹੋਵੇਗੀ। ਉੱਥੇ ਹੀ WHO ਨੇ ਇਹ ਵੀ ਕਿਹਾ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਪਿੱਛੇ ਸਿਰਫ ਜ਼ਿਆਦਾ ਟੈਸਟਿੰਗ ਦੀ ਥਿਓਰੀ ਠੀਕ ਨਹੀਂ ਹੈ। ਉਹਨਾਂ ਕਿਹਾ ਇਹ ਜਾਨਲੇਵਾ ਵਾਇਰਸ ਹੁਣ ਪੂਰੀ ਦੁਨੀਆ ਵਿਚ ਮਜ਼ਬੂਤੀ ਨਾਲ ਪੈਰ ਪਸਾਰ ਚੁੱਕਾ ਹੈ ਅਤੇ ਇਹੀ ਕਾਰਨ ਹੈ ਕਿ ਹਰ ਦੇਸ਼ ਵਿਚ ਲਗਾਤਾਰ ਮਾਮਲੇ ਵਧ ਰਹੇ ਹਨ।

ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ 91 ਲੱਖ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4 ਲੱਖ 74 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿਚ ਭਾਰਤ ਹੁਣ 4 ਲੱਖ 40 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦੇ ਨਾਲ ਬ੍ਰਿਟੇਨ ਤੋਂ ਇਕ ਸਟੈਪ ਅੱਗੇ ਚੌਥੇ ਨੰਬਰ ‘ਤੇ ਹੈ।  ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਕੁੱਲ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।