ਕੋਰੋਨਾ ਵਾਇਰਸ ਦੇ ਵਧਦੇ ਮਾਮਲੇ ਸਿਰਫ ਟੈਸਟਿੰਗ ਵਧਾਉਣ ਦਾ ਨਤੀਜਾ ਨਹੀਂ: WHO

ਏਜੰਸੀ

ਖ਼ਬਰਾਂ, ਕੌਮਾਂਤਰੀ

ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

Corona Virus

ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਕਈ ਦੇਸ਼ਾਂ ਦੀਆਂ ਸਰਕਾਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਟੈਸਟਿੰਗ ਹੋਣ ਕਾਰਨ ਅਚਾਨਕ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਨੇ ਹੁਣ ਸਾਫ ਕਰ ਦਿੱਤਾ ਹੈ ਕਿ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲੇ ਸਿਰਫ ਜ਼ਿਆਦਾ ਟੈਸਟਿੰਗ ਦਾ ਨਤੀਜਾ ਨਹੀਂ ਹੈ।

ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮਾਈਕ ਰਿਆਨ ਨੇ ਕਿਹਾ, ‘ਅਸੀਂ ਅਜਿਹਾ ਨਹੀਂ ਮੰਨਦੇ ਕਿ ਜ਼ਿਆਦਾ ਟੈਸਟਿੰਗ ਕਾਰਨ ਹੀ ਕੋਰੋਨਾ ਦੇ ਮਾਮਲਿਆਂ ਵਿਚ ਵੱਡਾ ਉਛਾਲ ਆਇਆ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਮੌਤ ਦੇ ਅੰਕੜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ’।

ਮਾਈਕ ਰਿਆਨ ਨੇ ਕਿਹਾ, ‘ਕੋਵਿਡ-19 ਦੇ ਮਾਮਲਿਆਂ ਵਿਚ ਆਇਆ ਉਛਾਲ ਟੈਸਟਿੰਗ ਦਾ ਨਤੀਜਾ ਨਹੀਂ ਸੀ। ਬਲਕਿ ਇਹ ਜਾਨਲੇਵਾ ਵਾਇਰਸ ਹੁਣ ਪੂਰੀ ਦੁਨੀਆ ਵਿਚ ਮਜ਼ਬੂਤੀ ਨਾਲ ਪੈਰ ਪਸਾਰ ਚੁੱਕਾ ਹੈ ਅਤੇ ਇਹੀ ਕਾਰਨ ਹੈ ਕਿ ਹਰ ਦੇਸ਼ ਵਿਚ ਲਗਾਤਾਰ ਮਾਮਲੇ ਵਧ ਰਹੇ ਹਨ’। ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਨੇ ਇਕ ਨਵਾਂ ਰਿਕਾਰਡ ਦਰਜ ਕੀਤਾ ਹੈ।

ਐਤਵਾਰ ਨੂੰ ਇਕ ਦਿਨ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ। ਅਮਰੀਕਾ ਵਿਚ ਇਹ ਮਹਾਮਾਰੀ ਤੇਜ਼ੀ ਨਾਲ ਅਪਣੇ ਪੈਰ ਪਸਾਰ ਰਹੀ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਸੋਮਵਾਰ ਤੱਕ ਇੱਥੇ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਕੇ 23 ਲੱਖ ਤੋਂ ਪਾਰ ਪਹੁੰਚ ਚੁੱਕੀ ਹੈ। ਇੱਥੇ ਕੋਵਿਡ-19 ਦੇ ਨਵੇਂ ਮਾਮਲਿਆਂ ਦਾ 7 ਦਿਨ ਵਿਚ ਔਸਤ ਪਿਛਲੇ ਹਫ਼ਤੇ ਦੀ ਤੁਲਨਾ ਵਿਚ 24 ਪ੍ਰਤੀਸ਼ਤ ਵਧ ਗਿਆ ਹੈ।

ਕੁਝ ਹਫ਼ਤੇ ਪਹਿਲਾਂ ਜਦੋਂ ਅਮਰੀਕਾ ਸਮੇਤ ਦੁਨੀਆ ਭਰ ਦੇ ਦੇਸ਼ਾਂ ਵਿਚ ਕੋਰੋਨਾ ਦੇ ਮਾਮਲੇ ਹਸਪਤਾਲਾਂ ਵਿਚ ਤੇਜ਼ੀ ਨਾਲ ਦਰਜ ਕੀਤੇ ਜਾ ਰਹੇ ਸੀ,ਤਾਂ ਅਮਰੀਕਾ ਨੇ ਇਸ ‘ਤੇ ਤੇਜ਼ੀ ਨਾਲ ਟੈਸਟਿੰਗ ਕਰਨ ਦਾ ਫੈਸਲਾ ਕੀਤਾ ਸੀ, ਪਰ ਸ਼ਨੀਵਾਰ ਨੂੰ ਉਹਨਾਂ ਨੇ ਖੁਦ ਅਧਿਕਾਰੀਆਂ ਨੂੰ ਟੈਸਟਿੰਗ ਦੀ ਰਫ਼ਤਾਰ ਘੱਟ ਕਰਨ ਲਈ ਕਿਹਾ।

ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹਨਾਂ ਨੇ ਪੂਰੀ ਦੁਨੀਆ ਵਿਚ ਸਭ ਤੋਂ ਜ਼ਿਆਦਾ ਢਾਈ ਕਰੋੜ ਟੈਸਟਿੰਗ ਕੀਤੀ ਹੈ। ਜਰਮਨ ਅਤੇ ਸਾਊਥ ਕੋਰੀਆ ਨੇ ਵੀ ਵੱਡੇ ਪੱਧਰ ‘ਤੇ ਟੈਸਟਿੰਗ ਕੀਤੀ ਹੈ। ਜਦੋਂ ਕਿਸੇ ਦੇਸ਼ ਵਿਚ ਇਸ ਹੱਦ ਤੱਕ ਟੈਸਟਿੰਗ ਕੀਤੀ ਜਾਵੇਗੀ ਤਾਂ ਜ਼ਾਹਿਰ ਹੈ ਕਿ ਜ਼ਿਆਦਾ ਮਾਮਲੇ ਵੀ ਸਾਹਮਣੇ ਆਉਣਗੇ।

ਦੱਸ ਦਈਏ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦੇ 91 ਲੱਖ ਤੋਂ ਵੀ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4 ਲੱਖ 74 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਵਿਚ ਭਾਰਤ ਹੁਣ 4 ਲੱਖ 40 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦੇ ਨਾਲ ਬ੍ਰਿਟੇਨ ਤੋਂ ਇਕ ਨੰਬਰ ਅੱਗੇ ਚੌਥੇ ਨੰਬਰ ‘ਤੇ ਹੈ।  ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਕੁੱਲ 14 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।