ਮਰੀਜ਼ ਨੂੰ MRI ਮਸ਼ੀਨ ਅੰਦਰ ਪਾ ਕੇ ਭੁੱਲਿਆ ਟੈਕਨੀਸ਼ੀਅਨ
ਦਮ ਘੁਟਣ 'ਤੇ 35 ਮਿੰਟ ਬਾਅਦ ਬੈਲਟ ਤੋੜ ਕੇ ਖੁਦ ਬਾਹਰ ਨਿਕਲਿਆ
ਪੰਚਕੂਲਾ : ਹਰਿਆਣਾ ਵਿਖੇ ਪੰਚਕੂਲਾ ਦੇ ਸੈਕਟਰ-6 ਸਥਿਤ ਜਨਰਲ ਹਸਪਤਾਲ ਵਿਚ ਚੱਲ ਰਹੇ ਐਮ.ਆਰ.ਆਈ. ਐਂਡ ਸਿਟੀ ਸਕੈਨ ਸੈਂਟਰ 'ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦਾ ਇਕ ਟੈਕਨੀਸ਼ੀਅਨ 59 ਸਾਲਾ ਮਰੀਜ਼ ਨੂੰ ਐਮਆਰਆਈ ਮਸ਼ੀਨ ਅੰਦਰ ਪਾ ਕੇ ਭੁੱਲ ਗਿਆ। ਲਗਭਗ 15 ਮਿੰਟ ਬਾਅਦ ਮਰੀਜ਼ ਨੇ ਕਾਫ਼ੀ ਹੱਥ-ਪੈਰ ਮਾਰੇ, ਪਰ ਬੈਲਟ ਲੱਗੀ ਹੋਣ ਕਾਰਨ ਉਹ ਮਸ਼ੀਨ 'ਚੋਂ ਬਾਹਰ ਨਹੀਂ ਨਿਕਲ ਸਕੇ। ਉਨ੍ਹਾਂ ਦਾ ਦਮ ਘੁਟਣ ਲੱਗਾ। ਜਦੋਂ ਉਨ੍ਹਾਂ ਨੂੰ ਲੱਗਿਆ ਕਿ ਹੁਣ ਸਾਹ ਬੰਦ ਹੋਣ ਵਾਲਾ ਹੈ ਤਾਂ ਪੂਰਾ ਜ਼ੋਰ ਲਗਾਇਆ, ਜਿਸ ਨਾਲ ਮਸ਼ੀਨ 'ਚ ਲੱਗੀ ਬੈਲਟ ਟੁੱਟ ਗਈ ਅਤੇ ਬੜੀ ਮੁਸ਼ਕਲ ਨਾਲ ਉਨ੍ਹਾਂ ਦੀ ਜਾਨ ਬਚੀ। ਇਹ ਘਟਨਾ ਰਾਮ ਮੇਹਰ ਨਾਂ ਦੇ ਬਜ਼ੁਰਗ ਨਾਲ ਵਾਪਰੀ।
ਰਾਮ ਮੇਹਰ ਨੇ ਐਮਆਰਆਈ ਅਤੇ ਸਿਟੀ ਸਕੈਨ ਸੈਂਟਰ ਦੇ ਮੁਲਾਜ਼ਮਾਂ 'ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਇਸ ਦੀ ਸ਼ਿਕਾਇਤ ਹਰਿਆਣਾ ਦੇ ਸਿਹਤ ਮੰਤਰੀ ਅਨਿਵ ਵਿਜ਼ ਨੂੰ ਕੀਤੀ ਹੈ। ਬਜ਼ੁਰਗ ਨੇ ਡੀ.ਜੀ. (ਹੈਲਥ) ਡਾ. ਸੂਰਜਭਾਨ ਕੰਬੋਜ਼ ਅਤੇ ਸੈਕਟਰ-5 ਸਥਿਤ ਪੁਲਿਸ ਥਾਣੇ 'ਚ ਵੀ ਇਸ ਦੀ ਸ਼ਿਕਾਇਤ ਦਿੱਤੀ ਹੈ। ਪੀੜਤ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਹੈ ਕਿ ਜੇ ਉਹ 30 ਸਕਿੰਟ ਹੋਰ ਬਾਹਰ ਨਾ ਆਉਂਦਾ ਤਾਂ ਉਸ ਦੀ ਮੌਤ ਹੋ ਸਕਦੀ ਸੀ।
ਉਧਰ ਹਸਪਤਾਲ ਪ੍ਰਬੰਧਨ ਦਾ ਕਹਿਣਾ ਹੈ ਕਿ ਟੈਕਨੀਸ਼ੀਅਨ ਨੇ ਹੀ ਮਰੀਜ਼ ਨੂੰ ਬਾਹਰ ਕੱਢਿਆ ਹੈ। ਮਰੀਜ਼ ਦਾ 20 ਮਿੰਟ ਦਾ ਸਕੈਨ ਸੀ। ਟੈਕਨੀਸ਼ੀਅਨ ਨੂੰ ਅੰਤਮ 3 ਮਿੰਟ ਦਾ ਸੀਕਵੈਂਸ ਲੈਣਾ ਸੀ। ਅੰਤਮ ਦੇ 2 ਮਿੰਟ ਰਹਿ ਗਏ ਸਨ। ਮਰੀਜ਼ ਨੂੰ ਦਰਦ ਹੋਇਆ ਅਤੇ ਉਹ ਹਿੱਲਣ ਲੱਗ ਗਿਆ। ਉਸ ਨੂੰ ਹਿੱਲਣ ਤੋਂ ਮਨਾ ਕੀਤਾ ਗਿਆ ਸੀ। ਟੈਕਨੀਸ਼ੀਅਨ ਦੂਜੇ ਸਿਸਟਮ 'ਚ ਨੋਟਸ ਚੜ੍ਹਾ ਰਿਹਾ ਸੀ। ਜਦੋਂ ਇਕ ਮਿੰਟ ਰਹਿ ਗਿਆ ਸੀ ਤਾਂ ਟੈਕਨੀਸ਼ੀਅਨ ਨੇ ਵੇਖਿਆ ਕਿ ਮਰੀਜ਼ ਅੱਧਾ ਬਾਹਰ ਆ ਗਿਆ ਸੀ। ਟੈਕਨੀਸ਼ੀਅਨ ਨੇ ਹੀ ਮਰੀਜ਼ ਨੂੰ ਬਾਹਰ ਕੱਢਿਆ।