ਦਿੱਲੀ 'ਚ ਚਰਮ-ਸੀਮਾਂ 'ਤੇ ਪਹੁੰਚਿਆ ਪ੍ਰਦੂਸ਼ਣ ਦਾ ਪ੍ਰਕੋਪ, ਘਰਾਂ ਅੰਦਰ ਰਹਿਣ ਲਈ ਮਜ਼ਬੂਰ ਹੋਏ ਲੋਕ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਹਿਰਾ ਮੁਤਾਬਕ ਪ੍ਰਦੂਸ਼ਣ ਦੇ ਆਉਂਦੇ ਦਿਨਾਂ ਦੌਰਾਨ ਹੋਰ ਵਧਣ ਦੇ ਆਸਾਰ

Air Pollution Delhi

ਨਵੀਂ ਦਿੱਲੀ : ਰਾਜਧਾਨੀ ਦਿੱਲੀ ‘ਚ ਹਵਾਂ ਪ੍ਰਦੂਸ਼ਣ ਦਾ ਵਧਣਾ ਲਗਾਤਾਰ ਜਾਰੀ ਹੈ। ਇਹ ਵਾਧਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਵੀ ਦਿੱਲੀ ਨੂੰ ਸਵੇਰੇ-ਸਵੇਰੇ ਧੁੰਦ ਤੇ ਧੂੰਏਂ ਦੇ ਸੁਮੇਲ ‘ਸਮੌਗ’ ਨੇ ਘੇਰਿਆ ਹੋਇਆ ਸੀ। ਵਧਦੇ ਪ੍ਰਦੂਸ਼ਣ ਕਾਰਨ ਸਵੇਰੇ ਸਵੇਰੇ ਸੈਰ ’ਤੇ ਨਿਕਲਣ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਜ਼ਿਆਦਾਤਰ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕਰਨ ‘ਚ ਹੀ ਬਿਹਤਰੀ ਸਮਝੀ।

ਦਿੱਲੀ ਹਵਾ ਦਾ ਸੂਚਕ ਅੰਕ ‘ਬਹੁਤ ਖ਼ਰਾਬ’ ਸ਼੍ਰੇਣੀ ਦੇ ਵੀ ਉੱਚੇ ਪੱਧਰ ਉੱਤੇ ਪੁੱਜ ਗਿਆ ਹੈ। ਅੱਜ ਸ਼ੁੱਕਰਵਾਰ ਸਵੇਰੇ 8 ਵਜੇ ਇਹ 365 ਦਰਜ ਕੀਤਾ ਗਿਆ। ਹਵਾ ਹੁਣ ਕੁਝ ਮੱਠੀ ਪੈ ਗਈ ਹੈ, ਜਿਸ ਕਾਰਨ ਹਾਲੇ ਦੋ ਦਿਨ ਹੋਰ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ। ਹਵਾ ਦਾ ਗੰਧਲਾਪਣ ਹੋਰ ਵੀ ਵਧ ਸਕਦਾ ਹੈ। ਦਿੱਲੀ ਦੇ ਕੁਝ ਇਲਾਕਿਆਂ ਵਿਚ ਸੂਚਕ ਅੰਕ 400 ਦਾ ਅੰਕੜਾ ਪਾਰ ਕਰ ਕੇ ‘ਗੰਭੀਰ ਸ਼੍ਰੇਣੀ’ ਵਿਚ ਚਲਾ ਗਿਆ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦੇ ਲਗਭਗ ਸਾਰੇ ਸ਼ਹਿਰਾਂ ਦੀ ਇਹੋ ਹਾਲਤ ਹੈ।

ਮਾਹਿਰਾਂ ਅਨੁਸਾਰ ਹਵਾ ’ਚ ਵਧਦੇ ਪ੍ਰਦੂਸ਼ਣ ਕਾਰਣ ਰਾਸ਼ਟਰੀ ਰਾਜਧਾਨੀ ਖੇਤਰ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਦਿੱਲੀ ਪ੍ਰਦੂਸ਼ਣ ਰੋਕਥਾਮ ਕਮੇਟੀ ਦੇ ਅੰਕੜਿਆਂ ਮੁਤਾਬਕ ਦਿੱਲੀ ਦੇ ਆਨੰਦ ਵਿਹਾਰ ਵਿਚ ਹਵਾ ਦੇ ਮਿਆਰ ਦਾ ਪੱਧਰ 387, ਆਰਕੇ ਪੁਰਮ ਵਿਚ 333, ਰੋਹਿਣੀ ਵਿਚ 391 ਤੇ ਪੱਛਮੀ ਦਿੱਲੀ ਵਿਚ ਇਹ 390 ਉੱਤੇ ਜਾ ਪੁੱਜਾ ਹੈ। ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਹਵਾ ਦਾ ਪ੍ਰਦੂਸ਼ਣ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਚੱਲ ਰਿਹਾ ਹੈ।

ਦਿੱਲੀ ’ਚ ਵੀਰਵਾਰ ਨੂੰ ਹਵਾ ਦੇ ਮਿਆਰ ਦਾ ਸੂਚਕ ਅੰਕ 296 ਦਰਜ ਕੀਤਾ ਗਿਆ ਸੀ, ਬੁੱਧਵਾਰ ਨੂੰ ਇਹ 256 ਸੀ। ਵੀਰਵਾਰ ਨੂੰ ਸ਼ਾਮੀਂ ਇਹ 307 ਦਰਜ ਕੀਤਾ ਗਿਆ ਸੀ। ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਦਿੱਲੀ ਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਹਵਾ ਦਾ ਪ੍ਰਦੂਸ਼ਣ ਹੋਰ ਵੀ ਖ਼ਤਰਨਾਕ ਹੋ ਜਾਵੇਗਾ ਕਿਉਂਕਿ ਹਵਾ ਦੀ ਰਫ਼ਤਾਰ ਮੱਠੀ ਹੋਵੇਗੀ ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ।

ਕਾਬਲੇਗੌਰ ਹੈ ਕਿ ਰਾਜਧਾਨੀ ਦਿੱਲੀ ‘ਚ ਇਨ੍ਹਾਂ ਦਿਨਾਂ ਦੌਰਾਨ ਹਵਾ ਪ੍ਰਦੂਸ਼ਣ ਦਾ ਖ਼ਤਰਨਾਕ ਹੱਦ ਤਕ ਵੱਧ ਜਾਣ ਦਾ ਰੁਝਾਨ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ। ਇਸ ਨੂੰ ਪੰਜਾਬ ਅਤੇ ਹਰਿਆਣਾ ਅੰਦਰ ਕਿਸਾਨਾਂ ਵਲੋਂ ਸਾੜੀ ਜਾਂਦੀ ਪਰਾਲੀ ਨਾਲ ਜੋੜ ਕੇ ਵੇਖਿਆ ਜਾਂਦਾ ਰਿਹਾ ਹੈ। ਪਰ ਇਸ ਵਾਰ ਪੰਜਾਬ ਅੰਦਰ ਪਰਾਲੀ ਸਾੜਨ ਨੂੰ ਲੈ ਕੇ ਕੀਤੀ ਜਾ ਰਹੀ ਸਖਤੀ ਦੇ ਬਾਵਜੂਦ ਵੀ ਦਿੱਲੀ ‘ਚ ਹਵਾ ਪ੍ਰਦੂਸ਼ਣ ਦਾ ਵਧਣਾ ਲਗਾਤਾਰ ਜਾਰੀ ਹੈ। ਦਿੱਲੀ ਵਿਚਲੇ ਪ੍ਰਦੂਸ਼ਣ ਨੂੰ ਪੰਜਾਬ ਨਾਲ ਜੋੜਣ 'ਤੇ ਸਵਾਲ ਵੀ ਉਠਦੇ ਰਹੇ ਹਨ। ਮਾਹਿਰਾ ਮੁਤਾਬਕ ਪਰਾਲੀ ਤੋਂ ਇਲਾਵਾ ਪ੍ਰਦੂਸ਼ਣ ਦੇ ਬਾਕੀ ਕਾਰਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।