ਧਾਰਾ 370 ਦੇ ਫੈਸਲੇ ਤੋਂ ਪਿੱਛੇ ਨਹੀਂ ਹਟੇਗਾ ਦੇਸ਼- ਨਰਿੰਦਰ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਾਸਾਰਾਮ ਰੈਲੀ 'ਚ ਬੋਲੇ ਮੋਦੀ- ਵਿਰੋਧੀ ਧਿਰ ਬਦਲਣਾ ਚਾਹੁੰਦੇ ਹਨ ਧਾਰਾ 370 ਦਾ ਫ਼ੈਸਲਾ

PM Modi

ਪਟਨਾ: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੀ ਪਹਿਲੀ ਚੋਣ ਰੈਲੀ ਵਿਚ ਸ਼ਾਮਲ ਹੋਣ ਲਈ ਸਾਸਾਰਾਮ ਪਹੁੰਚੇ। ਇਸ ਦੌਰਾਨ ਉਹਨਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ 'ਤੇ ਹਮਲਾ ਕੀਤਾ। ਉਹਨਾਂ ਨੇ ਇਸ ਦੌਰਾਨ ਜੰਮੂ-ਕਸ਼ਮੀਰ ਨੂੰ ਖ਼ਾਸ ਦਰਜਾ ਦੇਣ ਵਾਲੀ ਧਾਰਾ 370 ਹਟਾਉਣ ਦੇ ਫੈਸਲੇ ਦਾ ਵੀ ਜ਼ਿਕਰ ਕੀਤਾ।

ਉਹਨਾਂ ਕਿਹਾ ਕਿ ਵਿਰੋਧੀ ਧਿਰਾਂ ਇਸ ਫੈਸਲੇ ਦੀ ਅਲੋਚਨਾ ਕਰ ਰਹੀਆਂ ਹਨ। ਪੀਐਮ ਮੋਦੀ ਨੇ ਕਿਹਾ, 'ਸਭ ਨੂੰ ਧਾਰਾ 370 ਹਟਣ ਦਾ ਇੰਤਜ਼ਾਰ ਸੀ ਪਰ ਇਹ ਲੋਕ ਕਹਿ ਰਹੇ ਹਨ ਕਿ ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਉਹ ਇਸ ਫੈਸਲੇ ਨੂੰ ਬਦਲ ਦੇਣਗੇ'।

ਪੀਐਮ ਮੋਦੀ ਨੇ ਕਿਹਾ, 'ਐਨਡੀਏ ਸਰਕਾਰ ਨੇ ਧਾਰਾ 370 ਨੂੰ ਹਟਾ ਦਿੱਤਾ। ਇਹ ਲੋਕ ਕਹਿੰਦੇ ਹਨ ਕਿ ਜੇਕਰ ਇਹ ਵਾਪਸ ਸੱਤਾ ਵਿਚ ਆਏ ਤਾਂ ਇਸ ਨੂੰ ਦੁਬਾਰਾ ਲੈ ਆਉਣਗੇ। ਅਜਿਹੇ ਬਿਆਨ ਦੇਣ ਤੋਂ ਬਾਅਦ ਇਹ ਲੋਕ ਬਿਹਾਰ ਵਿਚ ਵੋਟ ਮੰਗਣ ਦੀ ਹਿੰਮਤ ਕਿਵੇਂ ਕਰ ਸਕਦੇ ਹਨ? ਕੀ ਇਹ ਬਿਹਾਰ ਦਾ ਅਪਮਾਨ ਨਹੀਂ ਹੈ?'।

ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਹੁਣ ਧਾਰਾ 370 ਦੇ ਫੈਸਲੇ ਤੋਂ ਪਿੱਛੇ ਨਹੀਂ ਹਟੇਗਾ। ਦੱਸ ਦਈਏ ਕਿ ਪਿਛਲੇ ਸਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਖੁਦ ਨਿਤਿਸ਼ ਕੁਮਾਰ ਨੇ ਵੀ ਕੀਤਾ ਸੀ। ਉਹਨਾਂ ਦੀ ਪਾਰਟੀ ਜਨਤਾ ਦਲ ਯੂਨਾਇਟਡ ਦੇ ਸੰਸਦ ਮੈਂਬਰਾਂ ਨੇ ਸਦਨ ਵਿਚ ਵੀ ਇਸ ਦਾ ਵਿਰੋਧ ਕੀਤਾ ਸੀ। ਹਾਲਾਂਕਿ ਕੁਝ ਦਿਨ ਬਾਅਦ ਹੀ ਨਿਤਿਸ਼ ਕੁਮਾਰ ਇਸ ਫੈਸਲੇ 'ਤੇ ਕੇਂਦਰ ਨਾਲ ਸਹਿਮਤ ਹੋ ਗਏ ਸੀ।

ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਇਸ ਦੌਰਾਨ ਕਈ ਵੱਡੇ ਨੇਤਾ ਚੋਣ ਮੁਹਿੰਮ ਵਿਚ ਜੁਟੇ ਹੋਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਲਈ ਚੋਣ ਪ੍ਰਚਾਰ ਕਰਨ ਲਈ ਅੱਜ ਬਿਹਾਰ ਪਹੁੰਚੇ।