ਡਾਕਟਰ ਨੇ ਜਾਨਲੇਵਾ ਟੀਕਾ ਲਗਾ ਕੇ ਕੀਤੀ ਖ਼ੁਦਕੁਸ਼ੀ, ਛੱਡਿਆ 7 ਪੰਨਿਆਂ ਦਾ ਸੁਸਾਈਡ ਨੋਟ
ਆਪਣੀ ਮੌਤ ਲਈ ਖ਼ੁਦ ਨੂੰ ਠਹਿਰਾਇਆ ਜ਼ਿੰਮੇਵਾਰ
ਅਲਵਰ - ਬਹਿਰੋਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪ੍ਰਸ਼ਾਸਨਿਕ ਕੰਮਾਂ ਦੀ ਦੇਖ-ਰੇਖ ਕਰਨ ਵਾਲੇ ਇੱਕ 28 ਸਾਲਾ ਡਾਕਟਰ ਨੇ ਮੰਗਲਵਾਰ ਨੂੰ ਇੱਕ ਜਾਨਲੇਵਾ ਟੀਕਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੱਤ ਪੰਨਿਆਂ ਦੇ ਸੁਸਾਈਡ ਨੋਟ ਵਿੱਚ ਡਾਕਟਰ ਨੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ, "ਮੈਂ ਜ਼ਿੰਦਗੀ ਦੀਆਂ ਅਸਫ਼ਲਤਾਵਾਂ ਤੋਂ ਤੰਗ ਆ ਚੁੱਕਿਆ ਹਾਂ। ਮੈਂ ਬਹੁਤ ਜ਼ਿਆਦਾ ਸ਼ਰਾਬ ਪੀ ਰਿਹਾ ਹਾਂ ਅਤੇ ਇੱਕ ਜ਼ਿੰਮੇਵਾਰੀ ਬਣ ਗਿਆ ਹਾਂ।"
ਪੁਲਿਸ ਦੇ ਦੱਸਣ ਮੁਤਾਬਿਕ ਮ੍ਰਿਤਕ ਦੀ ਪਛਾਣ ਡਾਕਟਰ ਮਨੀਸ਼ ਸੈਣੀ ਵਜੋਂ ਹੋਈ ਹੈ। ਮੰਗਲਵਾਰ ਸਵੇਰੇ ਜਦੋਂ ਉਸ ਦੇ ਸਾਥੀਆਂ ਨੇ ਉਸ ਦੇ ਫ਼ਲੈਟ ਦਾ ਦਰਵਾਜ਼ਾ ਖੜਕਾਇਆ, ਤਾਂ ਕੋਈ ਜਵਾਬ ਨਹੀਂ ਆਇਆ। ਬਹਿਰੋਰ ਥਾਣੇ ਦੇ ਇੰਚਾਰਜ ਵਰਿੰਦਰ ਪਾਲ ਨੇ ਕਿਹਾ, "ਅਸੀਂ ਮੌਕੇ 'ਤੇ ਪਹੁੰਚੇ ਅਤੇ ਅਸੀਂ ਉਸ ਨੂੰ ਬੇਹੋਸ਼ ਪਾਇਆ। ਉਸ ਨੂੰ ਅਲਵਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।"
"ਖ਼ੁਦਕੁਸ਼ੀ ਤੋਂ ਬਾਅਦ ਸਮਾਜਿਕ ਬਦਨਾਮੀ ਤੋਂ ਬਚਣ ਲਈ, ਉਸ ਨੇ ਆਪਣੇ ਭਰਾ ਅਤੇ ਪਿਤਾ ਨੂੰ ਹਰਿਆਣਾ ਦੇ ਫ਼ਾਰੂਖ਼ਨਗਰ ਵਿਖੇ ਆਪਣੀ ਜੱਦੀ ਜ਼ਮੀਨ ਵੇਚਣ ਲਈ ਕਿਹਾ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਵਿੱਚ ਕਿਸੇ 'ਤੇ ਸ਼ੱਕ ਨਹੀਂ ਜਤਾਇਆ ਗਿਆ,” ਪੁਲਿਸ ਅਧਿਕਾਰੀ ਨੇ ਕਿਹਾ।
ਹਿੰਦੀ ਅਤੇ ਅੰਗਰੇਜ਼ੀ 'ਚ ਲਿਖੇ ਸੁਸਾਈਡ ਨੋਟ 'ਚ ਮ੍ਰਿਤਕ ਨੇ ਲਿਖਿਆ, ''ਖ਼ਤਮ ਹੋ ਰਹਾ ਹੂੰ ਮੈਂ ਆਪਕੀ ਕਹਾਨੀ ਮੇਂ, ਹੋ ਸਕੇ ਤੋ ਮੁਝੇ ਮਾਫ਼ ਕਰ ਦੇਨਾ"
ਬੀ.ਏ.ਐੱਮ.ਐੱਸ. (ਬੈਚਲਰ ਇਨ ਆਯੁਰਵੈਦਿਕ ਮੈਡੀਸਿਨ ਐਂਡ ਸਰਜਰੀ) ਦੀ ਡਿਗਰੀ ਕਰਕੇ ਮਨੀਸ਼ ਸੈਣੀ ਲਗਭਗ ਸੱਤ ਮਹੀਨੇ ਪਹਿਲਾਂ ਬਹਿਰੋਰ ਦੇ ਨਿੱਜੀ ਹਸਪਤਾਲ ਵਿੱਚ ਨੌਕਰੀ ਕਰਨ ਲੱਗਿਆ ਸੀ।