ਦੇਵਬੰਦ ਦੇ ਮੁਫਤੀ ਦਾ ਫਤਵਾ, ਸਕਾਰਫ ਪਾ ਕੇ ਐਕਰਿੰਗ ਕਰਨ ਮੁਸਲਮਾਨ ਔਰਤਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਫਤੀ ਨੇ ਕਿਹਾ ਕਿ ਬੁਰਕਾ ਪਰਦੇ ਦਾ ਸੱਭ ਤੋਂ ਉਪਰਲਾ ਦਰਜਾ ਹੈ। ਕਿਉਂਕਿ ਬੁਰਕੇ ਵਿਚ ਮੂੰਹ ਤੋਂ ਲੈ ਕੇ ਪੂਰਾ ਸਰੀਰ ਢਕਿਆ ਰਹਿੰਦਾ ਹੈ।

Muslim women binding scarfs

ਲਖਨਊ, ( ਭਾਸ਼ਾ ) : ਮੁਸਲਮਾਨ ਔਰਤਾਂ ਨੂੰ ਲੈ ਕੇ ਦੇਵਬੰਦ ਦੇ ਮੁਫਤੀ ਅਹਿਮਦ ਗੌੜ ਨੇ ਨਵਾਂ ਫਤਵਾ ਜ਼ਾਰੀ ਕੀਤਾ ਹੈ। ਉਹਨਾਂ ਕਿਹਾ ਕਿ ਜਿਹੜੀਆਂ ਮੁਸਲਮਾਨ ਔਰਤਾਂ ਟੀਵੀ 'ਤੇ ਐਕਰਿੰਗ ਜਾਂ ਰਿਪੋਰਟਿੰਗ ਕਰ ਰਹੀਆਂ ਹਨ। ਉਹਨਾਂ ਸਾਰੀਆਂ ਨੂੰ ਸਕਾਰਫ ਬੰਨ ਕੇ ਕੰਮ ਕਰਨਾ ਚਾਹੀਦਾ ਹੈ। ਨਾਲ ਹੀ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਦੇ ਵਾਲ ਖੁਲ੍ਹੇ ਹੋਏ ਨਾ ਹੋਣ। ਜਾਣਕਾਰਾਂ ਦਾ ਕਹਿਣਾ ਹੈ ਕਿ ਮੁਫਤੀ ਨੇ

ਇਕ ਤਰ੍ਹਾਂ ਬੁਰਕੇ ਵਿਚ ਰਹਿ ਕੇ ਹੀ ਕੰਮ ਕਰਨ ਦੀ ਗੱਲ ਕੀਤੀ ਹੈ। ਦੇਵਬੰਦ ਦੇ ਮੁਫਤੀ ਤੋਂ ਪਹਿਲਾਂ ਦਾਰੂਲ ਉਲੂਮ ਵੱਲੋਂ ਵੀ ਇਕ ਫਤਵਾ ਜ਼ਾਰੀ ਹੋ ਚੁੱਕਾ ਹੈ। ਮੁਫਤੀ ਨੇ ਕਿਹਾ ਕਿ ਕੋਈ ਵੀ ਰੁਜ਼ਗਾਰ ਜੋ ਕਿ ਜਾਇਜ਼ ਅਤੇ ਹਲਾਲ ਹੈ, ਉਹਨਾਂ ਸੱਭ ਨੂੰ ਸ਼ਰੀਅਤ ਨੇ ਇਜਾਜ਼ਤ ਦਿਤੀ ਹੈ। ਟੀਵੀ 'ਤੇ ਐਕਰਿੰਗ ਕਰਨ ਲਈ ਜੋ ਬਿਹਤਰ ਤਰੀਕਾ ਦੱਸਿਆ ਗਿਆ ਹੈ, ਉਹ ਪਰਦਾ ਹੈ। ਪਰ ਸ਼ਰੀਅਤ ਦੀ ਗੱਲ ਮੰਨਣਾ ਅਤੇ ਨਹੀਂ ਮੰਨਣਾ ਤੁਹਾਡੀ ਮਰਜ਼ੀ ਹੈ। ਮੁਫਤੀ ਨੇ ਕਿਹਾ ਕਿ ਪਰਦੇ ਦਾ ਜੋ ਸਹੀ ਤਰੀਕਾ ਹੈ ਉਹ ਬੁਰਕਾ ਹੈ।

ਬੁਰਕਾ ਪਰਦੇ ਦਾ ਸੱਭ ਤੋਂ ਉਪਰਲਾ ਦਰਜਾ ਹੈ। ਕਿਉਂਕਿ ਬੁਰਕੇ ਵਿਚ ਮੂੰਹ ਤੋਂ ਲੈ ਕੇ ਪੂਰਾ ਸਰੀਰ ਢਕਿਆ ਰਹਿੰਦਾ ਹੈ। ਕੁਝ ਦਿਨ ਪਹਿਲਾਂ ਸਹਾਰਨਪੁਰ ਸਥਿਤ ਵਿਸ਼ਵ ਇਸਲਾਮਕ ਸੰਸਥਾ ਦਾਰੂਲ ਉਲੂਮ ਨੇ ਵੀ ਇਕ ਫਤਵਾ ਜ਼ਾਰੀ ਕੀਤਾ ਸੀ। ਇਸ ਦੇ ਅਧੀਨ ਸੰਸਥਾ ਨੇ ਕਿਹਾ ਸੀ ਕਿ ਕਿਸੇ ਵੀ ਵਿਆਹ ਜਾਂ ਹੋਰ ਵੱਡੇ ਸਮਾਗਮਾਂ ਵਿਚ ਸਮੂਹਿਕ ਤੌਰ 'ਤੇ ਮਰਦਾਂ ਅਤੇ ਔਰਤਾਂ ਦਾ ਭੋਜਨ ਕਰਨਾ ਹਰਾਮ ਹੈ। ਇਸ ਦੌਰਾਨ ਮੁਫਤੀਆਂ ਨੇ ਵਿਆਹਾਂ ਵਿਚ ਖੜੇ ਹੋ ਕੇ ਭੋਜਨ ਕਰਨ ਨੂੰ ਵੀ ਨਾਜਾਇਜ਼ ਕਰਾਰ ਦਿਤਾ।