ਇਮਰਾਨ ਖ਼ਾਨ 'ਤੇ ਨਸੀਰਉਦੀਨ ਸ਼ਾਹ ਦਾ ਪਲਟਵਾਰ, ਕਿਹਾ - ਪਹਿਲਾਂ ਅਪਣਾ ਦੇਸ਼ ਸੰਭਾਲੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੁੱਝ ਦਿਨਾਂ ਪਹਿਲਾਂ ਬੁਲੰਦਸ਼ਹਿਰ ਵਿਚ ਗਊ ਹੱਤਿਆ ਦੀ ਅਫ਼ਵਾਹ ਉਤੇ ਭੜਕੀ ਹਿੰਸਾ ਨੂੰ ਲੈ ਕੇ ਐਕਟਰ ਨਸੀਰਉਦੀਨ ਸ਼ਾਹ ਨੇ ਇਕ ਟਿੱਪਣੀ ਕੀਤੀ ਸੀ, ਜਿਸ ਉਤੇ ਵਿਵਾਦ ਹੋ ਗਿਆ...

Imran Khan and Naseeruddin Shah

ਮੁੰਬਈ (ਭਾਸ਼ਾ) : ਕੁੱਝ ਦਿਨਾਂ ਪਹਿਲਾਂ ਬੁਲੰਦਸ਼ਹਿਰ ਵਿਚ ਗਊ ਹੱਤਿਆ ਦੀ ਅਫ਼ਵਾਹ ਉਤੇ ਭੜਕੀ ਹਿੰਸਾ ਨੂੰ ਲੈ ਕੇ ਐਕਟਰ ਨਸੀਰਉਦੀਨ ਸ਼ਾਹ ਨੇ ਇਕ ਟਿੱਪਣੀ ਕੀਤੀ ਸੀ, ਜਿਸ ਉਤੇ ਵਿਵਾਦ ਹੋ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਇਸ ਵਿਚ ਸ਼ਾਮਿਲ ਹੋ ਗਏ ਅਤੇ ਉਨ੍ਹਾਂ ਨੇ ਸ਼ਾਹ ਵਾਲੇ ਮਾਮਲੇ ਨੂੰ ਜਿਨਾਹ ਨਾਲ ਜੋੜਕੇ ਅਜਿਹਾ ਬਿਆਨ ਦੇ ਦਿਤਾ ਕਿ ਨਸੀਰਉਦੀਨ ਸ਼ਾਹ ਭੜਕ ਗਏ। ਇਮਰਾਨ ਖ਼ਾਨ ਨੇ ਕਿਹਾ ਸੀ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਖਾਉਣਗੇ ਕਿ ਘੱਟ ਗਿਣਤੀ ਦੇ ਨਾਲ ਕਿਵੇਂ ਵਰਤਾਅ ਕੀਤਾ ਜਾਂਦਾ ਹੈ। 

ਇਮਰਾਨ ਖ਼ਾਨ ਦਾ ਅਜਿਹੇ ਵਿਚ ਸ਼ਾਮਿਲ ਹੋਣਾ ਨਸੀਰਉਦੀਨ ਸ਼ਾਹ ਨੂੰ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਪਲਟਵਾਰ ਕਰਕੇ ਪਾਕਿਸਤਾਨ ਦੇ ਵਜ਼ੀਰ - ਏ - ਆਜ਼ਮ ਨੂੰ ਕਰਾਰਾ ਜਵਾਬ ਦਿਤਾ। ਸ਼ਾਹ ਨੇ 'ਦ ਸੰਡੇ ਐਕਸਪ੍ਰੈਸ' ਨੂੰ ਦਿਤੇ ਇਕ ਇੰਟਰਵਿਊ ਵਿਚ ਕਿਹਾ, ਮੈਨੂੰ ਲੱਗਦਾ ਹੈ ਕਿ ਮਿਸਟਰ ਖ਼ਾਨ ਨੂੰ ਸਿਰਫ਼ ਉਨ੍ਹਾਂ ਮੁੱਦਿਆਂ ਉਤੇ ਹੀ ਗੱਲ ਕਰਨੀ ਚਾਹੀਦੀ ਹੈ ਜੋ ਉਨ੍ਹਾਂ ਦੇ ਦੇਸ਼ ਨਾਲ ਸਬੰਧਤ ਹੋਵੇ, ਨਾ ਕਿ ਉਨ੍ਹਾਂ ਮੁੱਦਿਆਂ ਉਤੇ ਜਿਨ੍ਹਾਂ ਨਾਲ ਉਨ੍ਹਾਂ ਦਾ ਸਬੰਧ ਹੀ ਨਹੀਂ ਹੈ। ਅਸੀਂ ਪਿਛਲੇ 70 ਸਾਲਾਂ ਤੋਂ ਇਕ ਲੋਕਤੰਤਰ ਹਾਂ ਅਤੇ ਜਾਣਦੇ ਹਾਂ ਕਿ ਸਾਨੂੰ ਅਪਣੀ ਦੇਖਭਾਲ ਕਿਵੇਂ ਕਰਨੀ ਹੈ। 

ਪਿਛਲੇ ਦਿਨੀ ਨਸੀਰਉਦੀਨ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਕਈ ਇਲਾਕਿਆਂ ਵਿਚ ਅਸੀਂ ਵੇਖ ਰਹੇ ਹਾਂ ਕਿ ਇਕ ਪੁਲਿਸ ਇੰਸਪੈਕਟਰ ਦੀ ਮੌਤ ਨਾਲ ਜ਼ਿਆਦਾ ਮਹੱਤਤਾ ਗਊ ਹੱਤਿਆ ਨੂੰ ਦਿਤੀ ਜਾ ਰਹੀ ਹੈ। ਇਸ ਇੰਟਰਵਿਊ ਦੀ ਵੀਡੀਓ ਨੂੰ ਸ਼ਾਹ ਨੇ ਖੁੱਦ ਸ਼ੇਅਰ ਕੀਤਾ ਸੀ। ਇਸ ਵਿਚ ਉਹ ਕਹਿੰਦੇ ਦਿਖ ਰਹੇ ਹਨ ਕਿ ਇਕ ਪੁਲਿਸ ਇੰਸਪੈਕਟਰ ਦੀ ਮੌਤ ਤੋਂ ਜ਼ਿਆਦਾ ਇਕ ਗਊ ਹੱਤਿਆ ਨੂੰ ਮਹੱਤਤਾ ਦਿਤੀ ਜਾ ਰਹੀ ਹੈ ਅਤੇ ਅਜਿਹੇ ਮਾਹੌਲ ਵਿਚ ਮੈਨੂੰ ਅਪਣੀ ਔਲਾਦ ਬਾਰੇ ਸੋਚ ਕੇ ਫ਼ਿਕਰ ਹੁੰਦੀ ਹੈ।

ਉਹ ਕਹਿੰਦੇ ਹਨ ਕਿ ਦੇਸ਼ ਦੇ ਮਾਹੌਲ ਵਿੱਚ ਕਾਫ਼ੀ ਜ਼ਹਿਰ ਫੈਲ ਚੁੱਕਿਆ ਹੈ ਅਤੇ ਇਸ ਜਿੰਨ ਨੂੰ ਬੋਤਲ ਵਿਚ ਪਾਉਣਾ ਮੁਸ਼ਕਲ ਦਿਖ ਰਿਹਾ ਹੈ। ਸ਼ਾਹ ਨੇ ਕਿਹਾ ਸੀ ਕਿ ਮੈਨੂੰ ਡਰ ਲੱਗਦਾ ਹੈ ਕਿ ਕੱਲ ਨੂੰ ਮੇਰੇ ਬੱਚੇ ਬਾਹਰ ਨਿਕਲਣਗੇ ਤਾਂ ਭੀੜ ਉਨ੍ਹਾਂ ਨੂੰ ਘੇਰਕੇ ਪੁੱਛ ਸਕਦੀ ਹੈ ਕਿ ਤੂੰ ਕੌਣ ਹੈ? ਹਿੰਦੂ ਜਾਂ ਮੁਸਲਿਮ? ਅਜਿਹੇ ਵਿਚ ਉਹ ਕੀ ਜਵਾਬ ਦੇਣਗੇ। ਇਸ ਹਾਲਤ ਵਿਚ ਸੁਧਾਰ ਦੀ ਜ਼ਰੂਰਤ ਹੈ ਅਤੇ ਜਿੰਨ ਨੂੰ ਬੋਤਲ ਵਿਚ ਬੰਦ ਕਰਨਾ ਹੋਵੇਗਾ। ਧਿਆਨ ਯੋਗ ਹੈ ਕਿ ਸ਼ਾਹ ਦੀ ਇਸ ਟਿੱਪਣੀ ਤੋਂ ਬਾਅਦ ਲੋਕ ਉਨ੍ਹਾਂ ਨੂੰ ਘੇਰਨ ਲੱਗੇ ਸਨ। 

ਇਮਰਾਨ ਖ਼ਾਨ ਨੇ ਵੀ ਲਾਹੌਰ ਵਿਚ ਅਯੋਜਿਤ ਇਕ ਪ੍ਰੋਗਰਾਮ ਦੇ ਦੌਰਾਨ ਨਸੀਰਉਦੀਨ ਸ਼ਾਹ ਦੀ ਇਸ ਟਿੱਪਣੀ ਉਤੇ ਕਮੈਂਟ ਕੀਤਾ। ਇਸ ਮਾਮਲੇ ਨੂੰ ਮੁਹੰਮਦ ਅਲੀ ਜਿਨਾਹ ਨਾਲ ਜੋਡ਼ਦੇ ਹੋਏ ਉਨ੍ਹਾਂ ਨੇ ਘੱਟ ਗਿਣਤੀ ਦੇ ਨਾਮ ਉਤੇ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਇਮਰਾਨ ਖ਼ਾਨ ਦੇ ਮੁਤਾਬਕ, ਸਾਡੀ ਸਰਕਾਰ ਇਹ ਤੈਅ ਕਰਨ ਲਈ ਕਦਮ ਚੁੱਕ ਰਹੀ ਹੈ ਕਿ ਦੇਸ਼ ਵਿਚ ਘੱਟ ਗਿਣਤੀ ਨੂੰ ਉਚਿਤ ਅਤੇ ਬਰਾਬਰ ਅਧਿਕਾਰ ਮਿਲਣ। ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਵੀ ਇਹੀ ਸੋਚ ਸੀ।