ਈਵੀਐਮ ਸੁਰੱਖਿਅਤ, ਬੈਲੇਟ ਪੇਪਰ ਦੇ ਜ਼ਮਾਨੇ 'ਚ ਵਾਪਸੀ ਨਹੀਂ : ਚੋਣ ਕਮਿਸ਼ਨਰ
ਮੁਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਲਈ ਤਿਆਰ ਹਾਂ, ਫਿਰ ਉਹ ਰਾਜਨੀਤਕ ਦਲ ਵੱਲੋਂ ਹੀ ਕਿਉਂ ਨਾ ਕੀਤੀ ਜਾ ਰਹੀ ਹੋਵੇ।
ਨਵੀਂ ਦਿੱਲੀ : ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਛਿੜੇ ਈਵੀਐਮ ਦੇ ਵਿਵਾਦ 'ਤੇ ਮੁਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਮੈਂ ਸਾਫ ਤੌਰ 'ਤੇ ਇਹ ਕਹਿ ਦੇਣਾ ਚਾਹੁੰਦਾ ਹਾਂ ਕਿ ਅਸੀਂ ਬੈਲੇਟ ਪੇਪਰ ਦੇ ਜਮਾਨੇ ਵਿਚ ਵਾਪਸ ਨਹੀਂ ਜਾ ਰਹੇ ਹਾਂ। ਅਸੀਂ ਈਵੀਐਮ ਅਤੇ ਵੀਵੀਪੈਟ ਰਾਹੀਂ ਚੋਣ ਕਰਵਾਉਣ ਦੀ ਪ੍ਰਕਿਰਿਆ ਨੂੰ ਜਾਰੀ ਰਖਾਂਗੇ। ਜ਼ਿਕਰਯੋਗ ਹੈ ਕਿ ਮੁਖ ਚੋਣ ਅਧਿਕਾਰੀ ਦਾ ਇਹ ਬਿਆਨ ਉਸ ਵੇਲ੍ਹੇ ਸਾਹਮਣੇ ਆਇਆ ਹੈ,
ਜਦ ਦੋ ਦਿਨ ਪਹਿਲਾਂ ਹੀ ਲੰਡਨ ਵਿਚ ਭਾਰਤੀ ਮੂਲ ਦੇ ਹੈਕਰਾਂ ਨੇ ਦਾਅਵਾ ਕੀਤਾ ਸੀ ਕਿ 2014 ਦੀਆਂ ਲੋਕਸਭਾ ਚੋਣਾਂ ਵਿਚ ਈਵੀਐਮ ਹੈਕ ਹੋਏ ਸਨ ਅਤੇ ਭਾਰਤੀ ਜਨਤਾ ਪਾਰਟੀ ਨੇ ਧੋਖੇ ਨਾਲ ਚੋਣਾਂ 'ਤੇ ਜਿੱਤ ਹਾਸਲ ਕੀਤੀ ਸੀ। ਸੁਨੀਲ ਅਰੋੜਾ ਨੇ ਕਿਹਾ ਕਿ ਅਸੀਂ ਬੈਲੇਟ ਪੇਪਰ ਦੇ ਜਮਾਨੇ ਵਿਚ ਵਾਪਸ ਨਹੀਂ ਜਾ ਰਹੇ। ਉਹਨਾਂ ਕਿਹਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਆਲੋਚਨਾ ਅਤੇ ਪ੍ਰਤਿਕਿਰਿਆ ਲਈ ਤਿਆਰ ਹਾਂ, ਫਿਰ ਉਹ ਚਾਹੇ ਕਿਸੇ ਰਾਜਨੀਤਕ ਦਲ ਵੱਲੋਂ ਹੀ ਕਿਉਂ ਨਾ ਕੀਤੀ ਜਾ ਰਹੀ ਹੋਵੇ।
ਉਹਨਾਂ ਕਿਹਾ ਕਿ ਲਗਾਤਾਰ ਹੋ ਰਹੀ ਆਲੋਚਨਾ ਦੇ ਬਾਵਜੂਦ ਈਵੀਐਮ ਅਤੇ ਵੀਵੀਪੈਟ ਨੂੰ ਨਹੀਂ ਛੱਡਾਂਗੇ। ਅਮਰੀਕੀ ਸਾਈਬਰ ਮਾਹਿਰਾਂ ਨੇ ਲੰਡਨ ਵਿਚ ਇਕ ਪ੍ਰੈਸ ਕਾਨਫੰਰਸ ਰਾਹੀਂ ਦਾਅਵਾ ਕੀਤਾ ਸੀ ਕਿ 2014 ਦੀਆਂ ਲੋਕਸਭਾ ਚੋਣਾਂ ਵਿਚ ਈਵੀਐਮ ਵਿਚ ਛੇੜਛਾੜ ਹੋਈ ਸੀ। ਇਸ ਤੋਂ ਇਲਾਵਾ 2015 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਵੀ ਅਜਿਹਾ ਹੀ ਹੋਇਆ ਸੀ। ਇਸ ਖੁਲਾਸੇ ਦੇ ਬਾਅਦ ਤੋਂ ਹੀ ਕਈ ਵਿਰੋਧੀ ਪਾਰਟੀਆਂ ਨੇ ਸਵਾਲ ਖੜੇ ਕੀਤੇ ਸਨ।
ਕਾਂਗਰਸ, ਸਮਾਜਵਾਦੀ ਪਾਰਟੀ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਕਿਹਾ ਸੀ ਕਿ ਮਾਹਿਰਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਦੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਚੋਣ ਆਯੋਗ ਨੇ ਇਹਨਾਂ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਸੀ। ਉਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਹੈਕਰ ਵੱਲੋਂ ਕੀਤੇ ਜਾ ਰਹੇ ਸਾਰੇ ਦਾਅਵਿਆਂ ਪਿਛੇ ਕਾਂਗਰਸ ਦਾ ਹੱਥ ਹੈ। ਹੈਕਰ ਦੀ ਇਸ ਪ੍ਰੈਸ ਕਾਨਫਰੰਸ ਵਿਚ ਕਾਂਗਰਸ ਨੇਤਾ ਕਪਿਲ ਸਿੱਬਲ ਵੀ ਮੌਜੂਦ ਸਨ, ਜਿਸ 'ਤੇ ਭਾਰਤੀ ਜਨਤਾ ਪਾਰਟੀ ਨੇ ਸਵਾਲ ਖੜੇ ਕੀਤੇ ਸਨ।