ਹੈਲਮਟ ਨਾ ਪਹਿਨਣ 'ਤੇ ਸਿੱਖ ਨੌਜਵਾਨ ਦਾ ਕੱਟਿਆ ਚਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਕਿਸਤਾਨ ਦੇ ਪੇਸ਼ਾਵਰ ਵਿਚ ਹੈਲਮਟ ਨਾ ਪਹਿਨਣ 'ਤੇ ਇਕ ਸਿੱਖ ਮੋਟਰਸਾਈਕਿਲ ਸਵਾਰ ਦਾ ਚਲਾਨ ਕਰ ਦਿਤਾ ਗਿਆ। ਬਾਅਦ ਵਿਚ ਜਦੋਂ ਇਸ ਮਾਮਲੇ 'ਤੇ ਵਿਵਾਦ ਹੋਇਆ ਤਾਂ ...

Manmeet Singh

ਪੇਸ਼ਾਵਰ : ਪਾਕਿਸਤਾਨ ਦੇ ਪੇਸ਼ਾਵਰ ਵਿਚ ਹੈਲਮਟ ਨਾ ਪਹਿਨਣ 'ਤੇ ਇਕ ਸਿੱਖ ਮੋਟਰਸਾਈਕਿਲ ਸਵਾਰ ਦਾ ਚਲਾਨ ਕਰ ਦਿਤਾ ਗਿਆ। ਬਾਅਦ ਵਿਚ ਜਦੋਂ ਇਸ ਮਾਮਲੇ 'ਤੇ ਵਿਵਾਦ ਹੋਇਆ ਤਾਂ ਟਰੈਫਿਕ ਪੁਲਿਸ ਨੇ ਵੀਰਵਾਰ ਨੂੰ ਸਿੱਖ ਭਾਈਚਾਰੇ ਤੋਂ ਮਾਫੀ ਮੰਗੀ। ਰਿਪੋਰਟਸ ਦੇ ਮੁਤਾਬਕ ਟਰੈਫਿਕ ਵਾਰਡਨ ਨੇ ਹੈਲਮਟ ਨਾ ਪਹਿਨਣ 'ਤੇ ਮੋਟਰਸਾਈਕਿਲ ਚਲਾ ਰਹੇ ਮਨਮੀਤ ਸਿੰਘ ਨਾਮ ਦੇ ਇਕ ਸਿੱਖ ਨੌਜਵਾਨ ਦਾ ਮੰਗਲਵਾਰ ਨੂੰ ਚਲਾਨ ਕੱਟ ਦਿਤਾ ਸੀ।

ਇਸ ਮਾਮਲੇ 'ਤੇ ਵਿਵਾਦ ਵੱਧ ਗਿਆ ਤਾਂ ਟਰੈਫਿਕ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਵਾਰਡਨ ਨੇ ‘ਗਲਤੀ ਨਾਲ ਚਲਾਨ ਕੱਟ ਦਿਤਾ ਸੀ। ਰਿਪੋਰਟਸ ਦੇ ਮੁਤਾਬਕ ਮਨਮੀਤ 'ਤੇ 100 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਪੇਸ਼ਾਵਰ ਦੇ ਐਸਐਸਪੀ ਟਰੈਫਿਕ ਕਾਸ਼ਿਫ ਜੁਲਫਿਕਾਰ ਨੇ ਇਸ ਮਾਮਲੇ 'ਤੇ ਬੋਲਦੇ ਹੋਏ ਕਿਹਾ ਕਿ ਜਿਸ ਵਾਰਡਨ ਨੇ ਮਨਮੀਤ ਦਾ ਚਲਾਨ ਕੱਟਿਆ ਉਸ ਨੂੰ ਨਹੀਂ ਪਤਾ ਸੀ ਕਿ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਮਿਲੀ ਹੋਈ ਹੈ।

ਉਥੇ ਹੀ ਟਰੈਫਿਕ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਇਕ ਡੈਲੀਗੇਸ਼ਨ ਨੇ ਇਸ ਮਾਮਲੇ ਤੋਂ ਅਧਿਕਾਰੀਆਂ ਨੂੰ ਜਾਣੂ ਕਰਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਡੈਲੀਗੇਸ਼ਨ ਤੋਂ ਮਾਫੀ ਮੰਗੀ। ਬੁਲਾਰੇ ਨੇ ਦੱਸਿਆ ਕਿ ਸਿੱਖਾਂ ਨੂੰ ਮੋਟਰਸਾਈਕਿਲ ਚਲਾਉਂਦੇ ਸਮੇਂ ਹੈਲਮਟ ਪਹਿਨਣ ਤੋਂ ਛੋਟ ਹੈ। ਇਸ ਘਟਨਾ ਤੋਂ ਬਾਅਦ ਪੇਸ਼ਾਵਰ ਦੇ ਸਾਰੇ ਟਰੈਫਿਕ ਵਾਰਡਨਾਂ ਨੂੰ ਲਿਖਤੀ ਰੂਪ ਵਿਚ ਇਹ ਨਿਰਦੇਸ਼ ਦਿਤਾ ਜਾਵੇਗਾ

ਕਿ ਸਿੱਖਾਂ ਦੀ ਧਾਰਮਿਕ ਮਾਨਤਾਵਾਂ ਦਾ ਸਨਮਾਨ ਕਰਨ ਅਤੇ ਹੈਲਮਟ ਨਾ ਪਹਿਨਣ 'ਤੇ ਉਨ੍ਹਾਂ ਦਾ ਚਲਾਨ ਨਾ ਕੱਟਣ। ਉੱਤਰ ਪੱਛਮੀ ਪਾਕਿਸਤਾਨ ਵਿਚ ਸੂਬਾਈ ਵਿਧਾਨਪਾਲਿਕਾ ਦੇ ਇਸ ਮਾਮਲੇ 'ਤੇ ਬਹਿਸ ਕਰਨ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦਈਏ ਕਿ ਖੈਬਰ ਪਖਤੂਨਖਵਾ ਵਿਚ ਕੁਲ ਮਿਲਾ ਕੇ ਲਗਭੱਗ 60 ਹਜ਼ਾਰ ਸਿੱਖ ਰਹਿੰਦੇ ਹਨ, ਜਿਨ੍ਹਾਂ ਵਿਚੋਂ 15 ਹਜ਼ਾਰ ਇਕੱਲੇ ਪੇਸ਼ਾਵਰ ਵਿਚ ਰਹਿੰਦੇ ਹਨ।