CCTV ਅਤੇ ਸਕੂਲਾਂ ਨੂੰ ਲੈ ਕੇ ਟਵਿਟਰ ਵਾਰ, ਅਮਿਤ ਸ਼ਾਹ ਨੂੰ ਕੇਜਰੀਵਾਲ ਦਾ ਠੋਕਵਾਂ ਜਵਾਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਸ਼ਾਹ ਬੋਲੇ- Wi-Fi ਲੱਭਦੇ-ਲੱਭਦੇ ਬੈਟਰੀ ਖਤਮ ਹੋ ਗਈ, ਕੇਜਰੀਵਾਲ ਨੇ ਕਿਹਾ-‘ Wi-Fi ਦੇ ਨਾਲ ਬੈਟਰੀ ਚਾਰਜਿੰਗ ਵੀ ਫ੍ਰੀ ਹੈ'

Photo

ਨਵੀਂ ਦਿੱਲੀ: ਦਿੱਲੀ ਵਿਚ ਵਿਧਾਨ ਸਭਾ ਚੋਣਾਂ ਸਿਖਰ ‘ਤੇ ਹਨ। ਇਹਨਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚ ਟੱਕਰ ਜਾਰੀ ਹੈ। ਦੋਵੇਂ ਧਿਰਾਂ ਦੇ ਆਗੂ ਇਹਨੀਂ ਦਿਨੀਂ ਪੂਰੇ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿਚ ਜੁਟੇ ਹਨ ਅਤੇ ਵਿਰੋਧੀਆਂ ‘ਤੇ ਹਮਲਾ ਬੋਲਣ ਦਾ ਕੋਈ ਮੌਕਾ ਨਹੀੰ ਛੱਡ ਰਹੇ।

ਇਸੇ ਦੌਰਾਨ ਚੋਣ ਪ੍ਰਚਾਰ ਕਰਦੇ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ ਲਗਾਇਆ। ਉੱਥੇ ਹੀ ਅਮਿਤ ਸ਼ਾਹ ਦੇ ਇਕ-ਇਕ ਇਲ਼ਜ਼ਾਮ ਦਾ ਕੇਜਰੀਵਾਲ ਨੇ ਟਵੀਟ ਕਰਕੇ ਠੋਕਵਾਂ ਜਵਾਬ ਦਿੱਤਾ।

ਇਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਬੀਤੇ ਦਿਨ ਅਮਿਤ ਸ਼ਾਹ ਨੇ ਕੇਜਰੀਵਾਲ ‘ਤੇ ਹਮਲਾ ਕੀਤਾ ਅਤੇ ਕਿਹਾ, ‘ਕੇਜਰੀਵਾਲ ਜੀ ਤੁਸੀਂ ਕਿਹਾ ਸੀ ਕਿ ਪੂਰੀ ਦਿੱਲੀ ਵਿਚ ਮੁਫਤ Wi-Fi ਕਰ ਦੇਵਾਂਗਾ। ਮੈਂ ਰਾਸਤੇ ਵਿਚ Wi-Fi ਲੱਭਦਾ ਆਇਆ ਹਾਂ ਪਰ ਬੈਟਰੀ ਖਤਮ ਹੋ ਗਈ, ਪਰ Wi-Fi ਨਹੀਂ ਮਿਲਿਆ’।

ਅਮਿਤ ਸ਼ਾਹ ਦੇ ਇਸ ਇਲਜ਼ਾਮ ‘ਤੇ ਕੇਜਰੀਵਾਲ ਨੇ ਕਿਹਾ, ‘ਸਰ, ਅਸੀਂ ਮੁਫਤ Wi-Fi ਦੇ ਨਾਲ-ਨਾਲ ਮੁਫਤ ਬੈਟਰੀ ਚਾਰਜਿੰਗ ਦਾ ਵੀ ਇੰਤਜ਼ਾਮ ਕਰ ਦਿੱਤਾ ਹੈ। ਦਿੱਲੀ ਵਿਚ 200 ਯੂਨਿਟ ਬਿਜਲੀ ਮੁਫਤ ਹੈ’। ਅਮਿਤ ਸ਼ਾਹ ਨੇ ਕਿਹਾ, ‘ਜ਼ਰਾ ਦੱਸਿਓ ਕਿ ਕਿੰਨੇ ਸਕੂਲ ਬਣਾਏ। 15 ਲੱਖ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਕਹੀ ਸੀ ਅਤੇ ਕੁਝ ਹੀ ਸੀਸੀਟੀਵੀ ਕੈਮਰੇ ਲਗਾ ਕੇ ਜਨਤਾ ਨੂੰ ਬੇਫਕੂਫ ਬਣਾ ਰਹੇ ਹੋ’।

ਅਮਿਤ ਸ਼ਾਹ ਦੇ ਇਸ ਬਿਆਨ ‘ਤੇ ਵੀ ਕੇਜਰੀਵਾਲ ਨੇ ਠੋਕਵਾਂ ਜਵਾਬ ਦਿੱਤਾ। ਕੇਜਰੀਵਾਲ ਨੇ ਕਿਹਾ, ‘ਮੈਨੂੰ ਖੁਸ਼ੀ ਹੈ ਤੁਹਾਨੂੰ ਕੁਝ ਸੀਸੀਟੀਵੀ ਕੈਮਰੇ ਤਾਂ ਦਿਖਾਈ ਦਿੱਤੇ। ਕੁਝ ਦਿਨ ਪਹਿਲਾਂ ਤਾਂ ਤੁਸੀਂ ਕਿਹਾ ਸੀ ਕਿ ਇਕ ਵੀ ਕੈਮਰਾ ਨਹੀਂ ਲੱਗਿਆ। ਸਮਾਂ ਕੱਢੋ ਤੁਹਾਨੂੰ ਸਕੂਲ ਵੀ ਦਿਖਾ ਦੇਵਾਂਗੇ। ਮੈਨੂੰ ਬੇਹੱਦ ਖੁਸ਼ੀ ਹੈ ਕਿ ਦਿੱਲੀ ਦੇ ਲੋਕਾਂ ਨੇ ਸਿਆਸਤ ਬਦਲੀ ਹੈ ਜੋ ਇੱਥੇ ਭਾਜਪਾ ਨੂੰ ਸੀਸੀਟੀਵੀ, ਸਕੂਲ ਅਤੇ ਕੱਚੀਆਂ ਕਲੋਨੀਆਂ ‘ਤੇ ਵੋਟਾਂ ਮੰਗਣੀਆਂ ਪੈ ਰਹੀਆਂ ਹਨ’।

ਦੱਸ ਦਈਏ ਕਿ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਵਿਚੋਂ 67 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ, ਜਦਕਿ ਤਿੰਨ ਸੀਟਾਂ ਭਾਜਪਾ ਦੇ ਹਿੱਸੇ ਆਈਆਂ ਸੀ। ਲਗਾਤਾਰ 15 ਸਾਲਾਂ ਤੱਕ ਦਿੱਲੀ ਦੀ ਸਿਆਸਤ ‘ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦਾ ਪਿਛਲੀਆਂ ਵਿਧਾਵ ਸਭਾ ਚੋਣਾਂ ਵਿਚ ਖਾਤਾ ਵੀ ਨਹੀਂ ਖੁੱਲ੍ਹਿਆ ਸੀ। ਦਿੱਲੀ ਵਿਚ 8 ਫਰਵਰੀ ਨੂੰ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਹੋਵੇਗੀ। ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ।