ਪਾਕਿ ਵਲੋਂ ਕੀਤੀ ਗੋਲੀਬਾਰੀ ’ਚ ਇਕ ਹੋਰ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਫ਼ੌਜ ਉਤੇ ਗੋਲੀਬਾਰੀ ਕੀਤੀ

One Indian Soldier Martyr

ਜੰਮੂ-ਕਸ਼ਮੀਰ : ਪਾਕਿ ਵਲੋਂ ਜੰਗਬੰਦੀ ਦੀ ਉਲੰਘਣਾ ਲਗਾਤਾਰ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨੇੜੇ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਫ਼ੌਜ ਉਤੇ ਗੋਲੀਬਾਰੀ ਕੀਤੀ ਅਤੇ ਇਸ ਦੌਰਾਨ ਐਤਵਾਰ ਨੂੰ ਭਾਰਤੀ ਫ਼ੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਪੁੰਛ ਦੇ ਸ਼ਾਹਪੁਰ ਅਤੇ ਕੇਰਨੀ ਇਲਾਕਿਆਂ ਵਿਚ ਸ਼ਨਿਚਰਵਾਰ ਸ਼ਾਮ ਨੂੰ ਲਗਭੱਗ ਸਾਢੇ ਪੰਜ ਵਜੇ ਸਰਹੱਦ ਪਾਰ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਅਤੇ ਇਹ ਰਾਤ ਭਰ ਲਗਾਤਾਰ ਹੁੰਦੀ ਰਹੀ।

ਉਨ੍ਹਾਂ ਦੱਸਿਆ ਕਿ ਭਾਰਤੀ ਸੈਨਾ ਨੇ ਵੀ ਮੂੰਹਤੋੜ ਜਵਾਬ ਦਿਤਾ। ਪਾਕਿਸਤਾਨੀ ਸੈਨਾ ਨੇ ਚੌਂਕੀਆਂ ਅਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਣ ਲਈ ਮੋਰਟਾਰ ਅਤੇ ਛੋਟੇ ਹਥਿਆਰਾਂ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਵਿਚ ਸਵੇਰੇ ਲਗਭੱਗ ਚਾਰ ਵਜੇ ਇਕ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਅਤੇ ਉਸ ਨੂੰ ਤੁਰਤ ਫ਼ੌਜ ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਪਿਛਲੇ ਚਾਰ ਦਿਨਾਂ ਵਿਚ ਗੋਲੀਬਾਰੀ ਵਿਚ ਦੋ ਜਵਾਨਾਂ ਦੀ ਮੌਤ ਹੋ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ਵਿਚ ਕੰਟਰੋਲ ਰੇਖਾ ਪਾਰ ਤੋਂ ਪਾਕਿਸਤਾਨੀ ਫ਼ੌਜ ਦੀ ਬਿਨਾ ਉਕਸਾਵੇ ਕੀਤੀ ਗੋਲੀਬਾਰੀ ਵਿਚ 24 ਸਾਲਾਂ ਰਾਈਫ਼ਲਮੈਨ ਯਸ਼ਪਾਲ ਸ਼ਹੀਦ ਹੋ ਗਿਆ ਸੀ।