ਸੂਰਤ ਦੇ ਕੋਚਿੰਗ ਸੈਂਟਰ 'ਚ ਭਿਆਨਕ ਅੱਗ ਲੱਗੀ, 15 ਵਿਦਿਆਰਥੀਆਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੱਚਿਆਂ ਨੇ ਅੱਗ ਤੋਂ ਬਚਣ ਲਈ ਇਮਾਰਤ ਦੀ ਉਪਰਲੀ ਮੰਜ਼ਲ ਤੋਂ ਛਾਲ ਮਾਰੀ

15 killed in Surat coaching centre fire

ਸੂਰਤ : ਗੁਜਰਾਤ ਦੇ ਸੂਰਤ ਦੇ ਤਕਸ਼ਸ਼ਿਲਾ ਕੰਪਲੈਕਸ 'ਚ ਸ਼ੁਕਰਵਾਰ ਨੂੰ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 15 ਵਿਦਿਆਰਥੀਆਂ ਦੀ ਮੌਤ ਹੋਈ ਹੈ। ਹਾਦਸੇ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਇਮਾਰਤ 'ਚ ਕੋਚਿੰਗ ਸੈਂਟਰ ਚੱਲਦਾ ਹੈ, ਜਿਸ 'ਚ ਅੱਗ ਲੱਗਣ ਮਗਰੋਂ ਬੱਚੇ ਛਾਲ ਮਾਰਨ ਲੱਗੇ। ਇਸ ਘਟਨਾ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਅੱਗ ਦੇ ਡਰ ਤੋਂ ਬੱਚੇ ਇਮਾਰਤ ਦੀ ਉਪਰਲੀ ਮੰਜ਼ਲ ਤੋਂ ਛਾਲ ਮਾਰ ਰਹੇ ਹਨ। ਤਕਸ਼ਸ਼ਿਲਾ ਕੰਪਲੈਕਸ ਸੂਰਤ ਦੇ ਸਰਥਾਨਾ ਇਲਾਕੇ 'ਚ ਸਥਿਤ ਹੈ।

 


 

ਫਿਲਹਾਲ ਅੱਗ 'ਤੇ ਕਾਬੂ ਪਾਇਆ ਜਾ ਚੁੱਕਾ ਹੈ ਪਰ ਇਮਾਰਤ ਦੇ ਅੰਦਰੋਂ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਜਾਰੀ ਹੈ। ਇਸ ਘਟਨਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਲਿਖਿਆ, "ਸੂਰਤ 'ਚ ਭਿਆਨਕ ਅੱਗ ਦੀ ਘਟਨਾ ਤੋਂ ਬਹੁਤ ਦੁਖੀ ਹਾਂ। ਮੇਰੀਆਂ ਸੰਵੇਦਨਾਵਾਂ ਮ੍ਰਿਤਕਾਂ ਦੇ ਪਰਵਾਰਾਂ ਨਾਲ ਹਨ।"

 


 

ਅੱਗ ਬੁਝਾਉਣ ਲਈ ਫ਼ਾਇਰ ਬ੍ਰਿਗੇਡ ਦੀਆਂ 18 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਮਾਪਿਆਂ ਨੂੰ 4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੂਰਤ ਦੇ ਪੁਲਿਸ ਕਮਿਸ਼ਨਰ ਸਤੀਸ਼ ਕੁਮਾਰ ਮਿਸ਼ਰਾ ਨੇ ਇਸ ਘਟਨਾ 'ਚ 15 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ।