ਸਬਰੀਮਲਾ 'ਤੇ ਦਾਅ ਲਗਾਉਣ ਦੇ ਬਾਵਜੂਦ ਕੇਰਲ 'ਚ ਨਹੀਂ ਖਿੜਿਆ ਕਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਬਰੀਮਲਾ ਮੰਦਰ ਵਿਚ ਸਾਰੀ ਉਮਰ ਵਰਗ ਦੀਆਂ ਔਰਤਾਂ ਦੇ ਦਾਖ਼ਲੇ ਦੀ ਮਨਜ਼ੂਰੀ ਦੇਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਭਾਜਪਾ ਨੇ ਸਖ਼ਤ ਵਿਰੋਧ ਕੀਤਾ ਸੀ

BJP fails to make inroads into Kerala again despite Sabarimala agitation

ਤਿਰੁਵਨੰਤਪੁਰਮ : ਕੇਰਲ ਵਿਚ ਭਾਜਪਾ ਨੀਤ ਐਨਡੀਏ ਦਾ ਖ਼ਾਤਾ ਇਕ ਵਾਰ ਫਿਰ ਨਹੀਂ ਖੁਲ ਸਕਿਆ ਹਾਲਾਂਕਿ ਸਬਰੀਮਲਾ ਮੰਦਰ ਵਿਚ ਔਰਤਾਂ ਦੇ ਦਾਖ਼ਲੇ ਵਾਲੇ ਮੁੱਦੇ ਸਬੰਧੀ ਪਾਰਟੀ ਕਾਫ਼ੀ ਸਰਗਰਮ ਸੀ। ਸਬਰੀਮਲਾ ਦੇ ਭਗਵਾਨ ਅਯੱਪਾ ਮੰਦਰ ਵਿਚ ਸਾਰੀ ਉਮਰ ਵਰਗ ਦੀਆਂ ਔਰਤਾਂ ਦੇ ਦਾਖ਼ਲੇ ਦੀ ਮਨਜ਼ੂਰੀ ਦੇਣ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਭਾਜਪਾ ਅਤੇ ਹੋਰ ਦੱਖਣਪੰਥੀ ਜੱਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ ਸੀ। ਪਾਰਟੀ ਨੂੰ ਉਮੀਦ ਸੀ ਕਿ ਲੋਕ ਸਭਾ ਚੋਣਾਂ ਵਿਚ ਇਸ ਦਾ ਫ਼ਾਇਦਾ ਹੋਵੇਗਾ।

ਉਨ੍ਹਾਂ ਨੂੰ ਤਿੰਨ ਇਲਾਕਿਆਂ ; ਤਿਰੁਵਨੰਤਪੁਰਮ, ਪਥਾਨਮਥਿੱਟਾ ਅਤੇ ਤ੍ਰਿਸ਼ੁਰ ਤੋਂ ਉਮੀਦ ਸੀ। ਇਸ ਤੋਂ ਇਲਾਵਾ ਕੁਝ ਹੋਰ ਸੂਬਿਆਂ ਵਿਚ ਵੋਟ ਪ੍ਰਤੀਸ਼ਤ ਵਧਾਉਣ ਦੀ ਵੀ ਉਮਦੀ ਸੀ। ਤਿਰੂਵਨੰਤਪੁਰਮ ਵਿਚ ਪਾਰਟੀ ਦੇ ਦਿਗਜ਼ ਨੇਤਾ ਕੁਮਨਮ ਰਾਜਸ਼ੇਖਰਨ ਕਾਂਗਰਸ ਦੇ ਸ਼ਸ਼ੀ ਥਰੂਰ ਤੋਂ ਕਰੀਬ 1 ਲੱਖ ਵੋਟਾਂ ਨਾਲ ਹਾਰ ਗਏ।

ਰਾਜਸ਼ੇਖਰਨ ਨੂੰ 3.16 ਲੱਖ ਵੋਟਾਂ ਮਿਲੀਆਂ ਜਦਕਿ ਥਰੂਰ ਨੇ ਚਾਰ ਲੱਖ ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ। ਭਾਜਪਾ ਨੇ ਸੱਤਾਧਾਰੀ ਐਲਡੀਐਫ਼ ਉਮੀਦਵਾਰ ਸੀ ਦਿਵਾਕਰਨ ਨੂੰ ਪਿੱਛੇ ਛੱਡ ਦਿਤਾ। ਭਾਜਪਾ ਜਨਰਲ ਸਕੱਤਰ ਕੇ ਸੁਰੇਂਦਰਨ ਨੇ ਸਬਰੀਮਲਾ ਅੰਦੋਲਨ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੂੰ ਵੀ ਪਥਾਨਮਥਿੱਟਾ 'ਚ ਹਾਰ ਦਾ ਮੂੰਹ ਵੇਖਣਾ ਪਿਆ। ਉਹ ਕਾਂਗਰਸ ਨੀਤ ਯੂਡੀਐਫ਼ ਉਮੀਦਵਾਰ ਏਂਟੋ ਐਨਟਨੀ ਅਤੇ ਸੀਪੀਆਈ(ਐਮ) ਨੀਤ ਐਲਡੀਐਫ਼ ਉਮੀਦਵਾਰ ਵੀਨਾ ਜਾਰਜ ਤੋਂ ਬਾਅਦ ਤੀਜੇ ਨੰਬਰ 'ਤੇ ਰਹੇ। ਉਨ੍ਹਾਂ ਨੂੰ ਕਰੀਬ 2.97 ਲੱਖ ਵੋਟਾਂ ਮਿਲੀਆਂ।

ਭਾਜਪਾ ਵਰਕਰਾਂ ਤੋਂ ਇਲਾਵਾ ਆਰਐਸਐਸ ਦੇ ਮੈਂਬਰ ਵੀ ਇਨ੍ਹਾਂ ਦੋਹਾਂ ਇਲਾਕਿਆਂ ਵਿਚ ਕਾਫ਼ੀ ਸਰਗਰਮ ਸਨ। ਭਾਜਪਾ ਨੇ ਅਭਿਨੇਤਾ ਤੋਂ ਨੇਤਾ ਬਣੇ ਰਾਜ ਸਭਾ ਮੈਂਬਰ ਸੁਰੇਸ਼ ਗੋਪੀ ਨੂੰ ਤ੍ਰਿਸ਼ੂਰ ਤੋਂ ਆਖ਼ਰੀ ਸਮੇਂ ਚੋਣ ਮੈਦਾਨ ਵਿਚ ਉਤਾਰਿਆ। ਵਕਤ ਘੱਟ ਹੋਣ ਦੇ ਬਾਵਜੂਦ ਉਹ ਜਨਤਾ ਦਾ ਧਿਆਨ ਖਿੱਚਣ ਵਿਚ ਸਫ਼ਲ ਰਹੇ ਅਤੇ 2.93 ਲੱਖ ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ।