ਵਿਦੇਸ਼ਾਂ ਵਿਚ ਜਮ੍ਹਾਂ ਕਾਲਾ ਧਨ 34 ਫ਼ੀ ਸਦੀ ਘਟਿਆ: ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਵਿਸ ਬੈਂਕਾਂ ਵਿਚ ਜਮ੍ਹਾਂ ਕਾਲੇ ਧਨ ਦੇ ਮੁੱਦੇ 'ਤੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੁੱਛੇ ਗਏ ਸਵਾਲ 'ਤੇ ਸਰਕਾਰ ਦੇ ਜਵਾਬ ਤੋਂ ਗੁੱਸੇ ਹੋਏ ਵਿਰੋਧੀ ਮੈਂਬਰਾਂ.......

M. Venkaiah Naidu

ਨਵੀਂ ਦਿੱਲੀ : ਸਵਿਸ ਬੈਂਕਾਂ ਵਿਚ ਜਮ੍ਹਾਂ ਕਾਲੇ ਧਨ ਦੇ ਮੁੱਦੇ 'ਤੇ ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਪੁੱਛੇ ਗਏ ਸਵਾਲ 'ਤੇ ਸਰਕਾਰ ਦੇ ਜਵਾਬ ਤੋਂ ਗੁੱਸੇ ਹੋਏ ਵਿਰੋਧੀ ਮੈਂਬਰਾਂ ਦੇ ਰੌਲੇ ਕਾਰਨ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਿਆ। ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਜਮ੍ਹਾਂ ਕਾਲੇ ਧਨ ਦੀ ਮਿਕਦਾਰ ਵਿਚ ਵਾਧੇ ਦਾ ਸਰਕਾਰ ਨੇ ਖੰਡਨ ਕਰਦਿਆਂ ਇਸ ਵਿਚ ਕਮੀ ਆਉਣ ਦਾ ਦਾਅਵਾ ਕੀਤਾ ਤਾਂ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਸਭਾਪਤੀ ਐਮ ਵੈਂਕਈਆ ਨਾਇਡੂ ਨੇ ਸਦਨ ਦੀ ਬੈਠਕ ਦੁਪਹਿਰ ਦੋ ਵਜੇ ਤਕ ਲਈ ਉਠਾ ਦਿਤੀ। ਪ੍ਰਸ਼ਨ ਕਾਲ ਵਿਚ ਇਨੈਲੋ ਦੇ ਮੈਂਬਰ ਰਾਮਕੁਮਾਰ ਕਸ਼ਯਪ ਨੇ ਬੀਤੇ ਇਕ ਸਾਲ ਵਿਚ ਕਾਲੇ

ਧਨ ਵਿਚ 50 ਫ਼ੀ ਸਦੀ ਵਾਧਾ ਹੋਣ ਸਬੰਧੀ ਮੀਡੀਆ ਰੀਪੋਰਟਾਂ ਦਾ ਹਵਾਲਾ ਦਿੰਦਿਆਂ ਸਰਕਾਰ ਨੂੰ ਪੁਛਿਆ ਕਿ ਇਸ ਦਿਸ਼ਾ ਵਿਚ ਕੀ ਕਾਰਵਾਈ ਕੀਤੀ ਗਈ। ਇਸੇ ਦੇ ਜਵਾਬ ਵਿਚ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਸਵਿਸ ਨੈਸ਼ਨਲ ਬੈਂਕ ਦੇ ਅੰਕੜਿਆਂ ਦੇ ਆਧਾਰ 'ਤੇ ਕਿਹਾ ਕਿ ਸਵਿਸ ਬੈਂਕਾਂ ਵਿਚ ਜਮ੍ਹਾਂ ਭਾਰਤੀਆਂ ਦੇ ਧਨ ਵਿਚ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਕਾਲੇ ਧਨ ਵਿਚ ਕਰੀਬ 34 ਫ਼ੀ ਸਦੀ ਕਮੀ ਆਈ ਹੈ। ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਜਮ੍ਹਾਂ ਧਨ ਵਿਚ ਵਾਧੇ ਦੀ ਗੱਲ ਨੂੰ ਰੱਦ ਕਰਦਿਆਂ ਕਿਹਾ ਕਿ 2017 ਵਿਚ ਭਾਰਤੀਆਂ ਦੇ ਜਮ੍ਹਾਂ ਧਨ ਵਿਚ 34.5 ਫ਼ੀ ਸਦੀ ਅਤੇ 2014 ਵਿਚ ਮੋਦੀ ਸਰਕਾਰ ਦੇ ਸੱਤਾ ਵਿਚ

ਆਉਣ ਮਗਰੋਂ 80 ਫ਼ੀ ਸਦੀ ਕਮੀ ਆਈ ਹੈ। ਇਸ 'ਤੇ ਤ੍ਰਿਣਮੂਲ ਕਾਂਗਰਸ ਦੇ ਸੁਖੇਂਦਰ ਰਾਏ ਨੇ ਸਵਿਸ ਬੈਂਕਾਂ ਨਾਲ ਮਹਿਜ਼ ਜਾਣਕਾਰੀਆਂ ਸਾਂਝੀਆਂ ਕਰਨ ਦਾ ਸਰਕਾਰ 'ਤੇ ਦੋਸ਼ ਲਾਉਂਦਿਆਂ ਪੁਛਿਆ ਕਿ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਵਿਰੁਧ ਹੁਣ ਤਕ ਕਿੰਨੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਹਰ ਨਾਗਰਿਕ ਦੇ ਬੈਂਕ ਖਾਤੇ ਵਿਚ 15 ਲੱਖ ਰੁਪਏ ਕਦ ਤਕ ਆਉਣਗੇ? ਮੰਤਰੀ ਨੇ ਕਿਹਾ ਕਿ ਸਵਿਸ ਬੈਂਕਾਂ ਤੋਂ 4843 ਜਾਣਕਾਰੀਆਂ ਮਿਲੀਆਂ ਹਨ। ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ 'ਕਾਲਾ ਧਨ ਵਾਪਸ ਲਿਆਉ' ਦੇ ਨਾਹਰੇ ਲਾਏ ਅਤੇ ਕੁਰਸੀ ਲਾਗੇ ਆ ਗਏ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਰੋਕ ਦਿਤੀ ਗਈ।  (ਏਜੰਸੀ)