ਕਾਂਗਰਸ ਨੇ ਰਾਜੀਵ ਕੁਮਾਰ ਦੇ ਬਿਆਨ ਨੂੰ ਅਰਥਚਾਰੇ ਦੀ ਬਦਹਾਲੀ ਦਾ ਵੱਡਾ ਕਬੂਲਨਾਮਾ ਦਸਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਬੁਲਾਰੇ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਸਰਕਾਰ ਅਰਥਚਾਰੇ ਦੀ ਇਸ ਹਾਲਤ ਤੋਂ ਧਿਆਨ ਲਾਂਭੇ ਕਰਨ ਲਈ ਰਾਜਸੀ ਬਦਲੇ ਦੀ ਕਾਰਵਾਈ ਕਰ ਰਹੀ ਹੈ

Rajiv Kumar

ਨਵੀਂ ਦਿੱਲੀ : ਆਰਥਕ ਖੇਤਰ ਦੀ ਹਾਲਤ ਬਾਰੇ ਨੀਤੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਾਜੀਵ ਕੁਮਾਰ ਦੇ ਬਿਆਨ ਬਾਰੇ ਕਾਂਗਰਸ ਨੇ ਦਾਅਵਾ ਕੀਤਾ ਕਿ ਇਹ ਅਰਥਵਿਵਸਥਾ ਦੀ ਮਾੜੀ ਹਾਲਤ ਦਾ ਕਬੂਲਨਾਮਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਕੋਲ ਇਸ ਦਾ ਕੋਈ ਜਵਾਬ ਨਹੀਂ ਹੈ ਕਿ ਇਸ ਹਾਲਤ ਨਾਲ ਕਿਵੇਂ ਨਿਪਟਿਆ ਜਾਵੇ।

ਕਾਂਗਰਸ ਬੁਲਾਰੇ ਮਨੀਸ਼ ਤਿਵਾੜੀ ਨੇ ਦੋਸ਼ ਲਾਇਆ ਕਿ ਸਰਕਾਰ ਅਰਥਚਾਰੇ ਦੀ ਇਸ ਹਾਲਤ ਤੋਂ ਧਿਆਨ ਲਾਂਭੇ ਕਰਨ ਲਈ ਰਾਜਸੀ ਬਦਲੇ ਦੀ ਕਾਰਵਾਈ ਕਰ ਰਹੀ ਹੈ। ਤਿਵਾੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਰਾਜੀਵ ਕੁਮਾਰ ਨੂੰ ਵਧਾਈ ਦੇਣੀ ਚਾਹੀਦੀ ਹੈ ਕਿ ਉਨ੍ਹਾਂ ਮੰਨਿਆ ਹੈ ਕਿ ਅਰਥਵਿਵਸਥਾ ਵਿਚ ਅਜਿਹੀ ਹਾਲਤ 70 ਸਾਲ ਵਿਚ ਕਦੇ ਪੈਦਾ ਨਹੀਂ ਹੋਈ ਜੋ ਅੱਜ ਹੈ।'

ਉਨ੍ਹਾਂ ਵਿਅੰਗ ਕਸਦਿਆਂ ਕਿਹਾ, 'ਸੰਭਵ ਹੈ ਕਿ ਭਾਜਪਾ ਸਰਕਾਰ ਇਸ ਲਈ ਵੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਦੋਸ਼ੀ ਠਹਿਰਾਏਗੀ ਪਰ ਹਕੀਕਤ ਇਹ ਹੈ ਕਿ ਸਰਕਾਰ ਨੇ ਇਹ ਹਾਲਤ ਖ਼ੁਦ ਹੀ ਪੈਦਾ ਕੀਤੀ ਹੈ ਕਿਉਂਕਿ ਨੋਟਬੰਦੀ ਅਤੇ ਕਾਹਲੀ ਵਿਚ ਲਾਗੂ ਕੀਤੇ ਗਏ ਜੀਐਸਟੀ ਕਾਰਨ ਇਹ ਹਾਲਤ ਬਣੀ ਹੈ।' ਤਿਵਾੜੀ ਨੇ ਕੁੱਝ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਲਗਭਗ ਤਿੰਨ ਕਰੋੜ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖ਼ਤਰਾ ਹੈ, ਉਹ ਕਿਸੇ ਵੀ ਸਮੇਂ ਸੜਕ 'ਤੇ ਆ ਸਕਦੇ ਹਨ। 
ਅਰਥਵਿਵਸਥਾ ਦਾ ਹਰ ਖੇਤਰ ਦਬਾਅ ਵਿਚ ਹੈ।'

ਉਨ੍ਹਾਂ ਕਿਹਾ, 'ਬਿਸਕੁਟ ਬਣਾਉਣ ਵਾਲੀ ਕੰਪਨੀ ਪਾਰਲੇ 10 ਹਜ਼ਾਰ ਲੋਕਾਂ ਦੀ ਛਾਂਟੀ ਕਰੇਗੀ। ਰੁਪਇਆ 72 ਦੇ ਪਾਰ ਚਲਾ ਗਿਆ ਹੈ। ਆਟੋ ਖੇਤਰ ਦਾ ਸੰਕਟ ਕਿਸੇ ਤੋਂ ਲੁਕਿਆ ਨਹੀਂ। ਤਿੰਨ ਲੱਖ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ ਹਨ। ਮਾਰੂਤੀ ਨੇ ਅਪਣੇ ਉਤਪਾਦਨ ਵਿਚ 25 ਫ਼ੀ ਸਦੀ ਦੀ ਕਟੌਤੀ ਕਰ ਦਿਤੀ ਹੈ।' ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਪਤਾ ਨਹੀਂ ਕਿ ਇਸ ਸੰਕਟ ਦਾ ਹੱਲ ਕਿਵੇਂ ਕੀਤਾ ਜਾਵੇ? ਜਦ ਅਰਥਚਾਰੇ 'ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ ਤਾਂ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੇ ਕੋਈ ਬਿਆਨ ਨਹੀਂ ਦਿਤਾ ਕਿਉਂਕਿ ਉਨ੍ਹਾਂ ਕੋਲ ਕੋਈ ਜਵਾਬ ਨਹੀਂ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।