ਕੁੜਤਾ-ਪਜ਼ਾਮਾ ਅਤੇ ਚੱਪਲਾਂ ਪਾ ਕੇ ਚਲਾ ਰਿਹਾ ਸੀ ਟੈਕਸੀ, ਕੱਟਿਆ ਚਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਡਰਾਈਵਰ ਦੇ ਕੁੜਤੇ ਦਾ ਉੱਪਰਲਾ ਬਟਨ ਵੀ ਖੁੱਲ੍ਹਿਆ ਹੋਇਆ ਸੀ

Jaipur : Taxi driver challaned for wearing unbuttoned kurta pajama, slippers

ਜੈਪੁਰ : ਦੇਸ਼ ਭਰ 'ਚ ਜਿੱਥੇ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਕੱਟੇ ਗਏ ਚਲਾਨ ਦੀਆਂ ਖ਼ਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ, ਉਥੇ ਹੀ ਰਾਜਸਥਾਨ 'ਚ ਹਾਲੇ ਤਕ ਨਵਾਂ ਐਕਟ ਲਾਗੂ ਨਹੀਂ ਹੋਇਆ ਹੈ। ਅਜਿਹੇ 'ਚ ਟ੍ਰੈਫ਼ਿਕ ਪੁਲਿਸ ਨੇ ਇਥੇ ਪੁਰਾਣੇ ਨਿਯਮਾਂ ਨੂੰ ਹੀ ਸਖ਼ਤੀ ਨਾਲ ਲਾਗੂ ਕਰ ਦਿੱਤਾ ਹੈ। ਇਥੇ ਮੋਟਰ ਵਹੀਕਲ ਐਕਟ ਤਹਿਤ ਡਰੈਸ ਕੋਡ 'ਤੇ ਸਖ਼ਤੀ ਕੀਤੀ ਜਾ ਰਹੀ ਹੈ।

ਹਾਲ ਹੀ 'ਚ ਕੱਟਿਆ ਗਿਆ ਇਕ ਚਲਾਨ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਕ ਇੰਸਪੈਕਟਰ ਨੇ ਟੈਕਸੀ ਚਾਲਕ ਦਾ ਇਸ ਲਈ ਚਲਾਨ ਕੱਟ ਦਿੱਤਾ ਕਿਉਂਕਿ ਉਹ ਕੁੜਤਾ-ਪਜ਼ਾਮਾ ਅਤੇ ਚੱਪਲਾਂ ਪਾ ਕੇ ਟੈਕਸੀ ਚਲਾ ਰਿਹਾ ਸੀ। ਜਾਣਕਾਰੀ ਮੁਤਾਬਕ ਜੈਪੁਰ ਦੇ ਸੰਜੈ ਸਰਕਿਟ ਥਾਣੇ ਦੇ ਇਕ ਇੰਸਪੈਕਟਰ ਨੇ ਇਸ ਮਾਮਲੇ 'ਚ ਟੈਕਸੀ ਡਰਾਈਵਰ ਦਾ 1600 ਰੁਪਏ ਦਾ ਚਲਾਨ ਕੱਟਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੇ ਕੁੜਤੇ ਦਾ ਉੱਪਰਲਾ ਬਟਨ ਵੀ ਖੁੱਲ੍ਹਿਆ ਹੋਇਆ ਸੀ।

ਜਾਣਕਾਰੀ ਮੁਤਾਬਕ ਇਹ ਚਲਾਨ ਬੀਤੀ 6 ਸਤੰਬਰ ਨੂੰ ਕੱਟਿਆ ਗਿਆ ਸੀ, ਜਿਸ ਨੂੰ ਅਦਾਲਤ 'ਚ ਭੇਜਿਆ ਜਾ ਚੁੱਕਾ ਹੈ। ਟ੍ਰੈਫ਼ਿਕ ਪੁਲਿਸ ਮੁਤਾਬਕ ਨਿਯਮਾਂ ਤਹਿਤ ਟੈਕਸੀ ਡਰਾਈਵਰ ਨੂੰ ਡਰੈਸ ਕੋਡ ਪਹਿਨਣਾ ਲਾਜ਼ਮੀ ਹੈ, ਜਿਸ 'ਚ ਨੀਲੀ ਸ਼ਰਟ ਅਤੇ ਪੈਂਟ ਦਾ ਕਾਨੂੰਨ ਹੈ। ਸ਼ਹਿਰ 'ਚ ਆਉਣ ਵਾਲੇ ਸੈਲਾਨੀਆਂ ਅਤੇ ਲੋਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਡਰੈਸ ਕੋਡ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।