ਮਹਿਬੂਬਾ ਦੇ ਬਿਆਨ 'ਤੇ ਭੜਕੇ ਮੰਤਰੀ, ਕਿਹਾ ਕਸ਼ਮੀਰ ਦੇ ਕੁਝ ਨੇਤਾ ਕਰ ਰਹੇ ਮੌਕਾਪ੍ਰਸਤ ਰਾਜਨੀਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਜਤਿੰਦਰ ਸਿੰਘ ਨੇ ਮਹਿਬੂਬਾ ਮੁਫ਼ਤੀ 'ਤੇ ਦੇਸ਼ ਦੀ ਪ੍ਰਭੂਸੱਤਾ 'ਤੇ ਸਵਾਲ ਚੁੱਕਣ ਦਾ ਲਾਇਆ ਦੋਸ਼

Jitendra Singh

ਨਵੀਂ ਦਿੱਲੀ: ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਪੀਡੀਪੀ ਨੇਤਾ ਮਹਿਬੂਬਾ ਮੁਫਤੀ ਦੇ ਬਿਆਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਕੁਝ ਨੇਤਾਵਾਂ 'ਤੇ ਮੌਕਾਪ੍ਰਸਤ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਕਸ਼ਮੀਰ ਦੇ ਕੁਝ ਨੇਤਾ ਮੌਕਾਪ੍ਰਸਤ ਰਾਜਨੀਤੀ ਕਰਦੇ ਹਨ ਕਿਉਂਕਿ ਜਦੋਂ ਉਹ ਸੱਤਾ ਵਿਚ ਹੁੰਦੇ ਹਨ ਤਾਂ ਭਾਰਤ ਦੀ ਸਹੁੰ ਲੈਂਦੇ ਹਨ ਅਤੇ ਸੱਤਾ ਤੋਂ ਬਾਹਰ ਹੁੰਦਿਆਂ ਹੀ ਉਹ ਦੇਸ਼ ਦੀ ਪ੍ਰਭੂਸੱਤਾ 'ਤੇ ਸਵਾਲ ਚੁੱਕਦੇ ਹਨ।

ਜਤਿੰਦਰ ਸਿੰਘ ਨੇ ਪੀਡੀਪੀ ਨੇਤਾ ਮਹਿਬੂਬਾ ਮੁਫ਼ਤੀ ਦੇ ਉਸ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਵਿਚ ਮਹਿਬੂਬਾ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਕਿਹਾ ਸੀ ਕਿ ਰਾਜ ਦਾ ਝੰਡਾ ਅਤੇ ਸੰਵਿਧਾਨ ਬਹਾਲ ਹੋਣ ਤੱਕ ਉਹਨਾਂ ਨੂੰ ਵਿਅਕਤੀਗਤ ਤੌਰ 'ਤੇ ਚੋਣ ਲੜਨ ਵਿਚ ਕੋਈ ਦਿਲਚਸਪੀ ਨਹੀਂ ਹੈ।

ਜੰਮੂ-ਕਸ਼ਮੀਰ ਦੀ ਉਧਮਪੁਰ ਸੀਟ ਤੋਂ ਸੰਸਦ ਮੈਂਬਰ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਬਿਆਨ ਇਹਨਾਂ ਅਖੌਤੀ ਮੁੱਖਧਾਰਾ ਨੇਤਾਵਾਂ ਦੀ ਦੋਹਰੀ ਭਾਵਨਾ ਨੂੰ ਬੇਨਕਾਬ ਕਰਦਾ ਹੈ। ਦੱਸ ਦਈਏ ਕਿ ਬੀਤੇ ਦਿਨ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ।

ਇਸ ਦੌਰਾਨ ਉਹਨਾਂ ਕਿਹਾ ਕਿ ਸੀ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਭਰੋਸਾ ਕਰਨ 'ਤੇ ਅਫ਼ਸੋਸ ਹੈ। ਉਹਨਾਂ ਇਹ ਵੀ ਕਿਹਾ ਸੀ ਕਿ ਜਦੋਂ ਤੱਕ ਸਾਡੇ ਰਾਜ ਦਾ ਝੰਡਾ ਵਾਪਸ ਨਹੀਂ ਹੁੰਦਾ, ਉਦੋਂ ਤੱਕ ਉਹ ਕੋਈ ਹੋਰ ਝੰਡਾ ਨਹੀਂ ਚੁੱਕਣਗੇ।  ਉਹਨਾਂ ਦੇ ਇਸ ਬਿਆਨ ਨੂੰ ਲੈ ਕੇ ਭਾਜਪਾ ਆਗੂਆਂ ਵੱਲੋਂ ਉਹਨਾਂ ਦੀ ਸਖਤ ਅਲੋਚਨਾ ਕੀਤੀ ਜਾ ਰਹੀ ਹੈ।