ਛੱਤੀਸਗੜ੍ਹ ਦੀਆਂ ਸਰਕਾਰੀ ਇਮਾਰਤਾਂ ਨੂੰ ਕੀਤਾ ਜਾ ਰਿਹਾ ਹੈ ਵਿੱਚ ਗਾਂ ਦੇ ਗੋਹੇ ਨਾਲ ਬਣਿਆ ਪੇਂਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਗਾਂ ਦੇ ਗੋਹੇ ਤੋਂ ਬਿਜਲੀ ਬਣਾਉਣ ਵਾਲੇ ਯੂਨਿਟ ਵੀ ਕੀਤੇ ਸ਼ੁਰੂ 

Representational Image

 

ਰਾਏਪੁਰ - ਛੱਤੀਸਗੜ੍ਹ ਸਰਕਾਰ ਨੇ ਇਕ ਨਿਵੇਕਲੀ ਪਹਿਲ ਕਰਦਿਆਂ ਸੂਬੇ ਦੀਆਂ ਸਰਕਾਰੀ ਇਮਾਰਤਾਂ, ਸਕੂਲਾਂ ਅਤੇ ਹੋਸਟਲਾਂ 'ਚ ਗਾਂ ਦੇ ਗੋਹੇ ਤੋਂ ਬਣੇ ਜੈਵਿਕ ਪੇਂਟ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

ਸੂਬੇ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਗਾਂ ਦੇ ਗੋਹੇ ਤੋਂ ਪੇਂਟ ਬਣਾਉਣ ਦੀ ਇਕਾਈ ਰਾਜ ਦੇ ਰਾਏਪੁਰ ਅਤੇ ਕਾਂਕੇਰ ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੀ ਗਈ ਹੈ। ਅਗਲੇ ਸਾਲ ਜਨਵਰੀ ਦੇ ਅੰਤ ਤੱਕ ਸਾਰੇ ਜ਼ਿਲ੍ਹਿਆਂ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ।

ਅਧਿਕਾਰੀਆਂ ਨੇ ਦੱਸਿਆ ਕਿ ਕੁਦਰਤੀ ਪੇਂਟ ਦੀ ਵਰਤੋਂ ਨਾਲ ਨਾ ਸਿਰਫ਼ ਵਾਤਾਵਰਣ ਦੀ ਸੁਰੱਖਿਆ ਵਿੱਚ ਮਦਦ ਮਿਲੇਗੀ, ਬਲਕਿ ਇਸ ਨਾਲ ਪੇਂਡੂ ਅਰਥਚਾਰੇ ਨੂੰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਦੇ ਨਿਰਮਾਣ ਨਾਲ ਸਥਾਨਕ ਔਰਤਾਂ ਜੁੜੀਆਂ ਹੋਈਆਂ ਹਨ।

ਸੂਬਾ ਸਰਕਾਰ ਨੇ ਦੋ ਸਾਲ ਪਹਿਲਾਂ ਰਾਜ ਵਿੱਚ ਗੋਧਨ ਨਿਆਏ ਯੋਜਨਾ ਸ਼ੁਰੂ ਕੀਤੀ ਸੀ। ਇਸ ਤਹਿਤ ਅੱਠ ਹਜ਼ਾਰ ਤੋਂ ਵੱਧ ਗੌਠਾਨ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਗੌਠਾਨਾਂ ਵਿੱਚ ਪਸ਼ੂ ਪਾਲਕਾਂ ਅਤੇ ਕਿਸਾਨਾਂ ਤੋਂ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਗੋਹਾ ਅਤੇ 4 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਗਊ ਮੂਤਰ ਖਰੀਦਿਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਗੌਠਾਨ ਕਮੇਟੀਆਂ ਅਤੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਵਰਮੀ-ਕੰਪੋਸਟ, ਅਗਰਬੱਤੀ, ਦੀਵੇ, ਰੰਗੋਲੀ ਪਾਊਡਰ, ਡੂਨਾ -ਪੱਤਲ ਆਦਿ ਬਣਾਉਣ ਲਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਸ਼ੁਰੂ ਵਿੱਚ ਸੂਬਾ ਸਰਕਾਰ ਨੇ ਗਾਂ ਦੇ ਗੋਹੇ ਤੋਂ ਪੇਂਟ ਬਣਾਉਣ ਲਈ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਨਾਲ ਸਮਝੌਤਾ ਕੀਤਾ ਸੀ। ਇਸ ਦੇ ਨਾਲ ਹੀ ਗਾਂ ਦੇ ਗੋਹੇ ਤੋਂ ਬਿਜਲੀ ਪੈਦਾ ਕਰਨ ਲਈ ਤਕਨੀਕੀ ਸਹਾਇਤਾ ਲਈ ਭਾਭਾ ਪਰਮਾਣੂ ਖੋਜ ਕੇਂਦਰ ਨਾਲ ਸਮਝੌਤਾ ਕੀਤਾ ਗਿਆ।

ਗੋਧਨ ਨਿਆਏ ਯੋਜਨਾ ਦੇ ਸੰਯੁਕਤ ਨਿਰਦੇਸ਼ਕ ਆਰ. ਐਲ. ਖਰੇ ਨੇ ਕਿਹਾ ਕਿ ਰਾਏਪੁਰ ਜ਼ਿਲ੍ਹੇ ਦੇ ਹੀਰਾਪੁਰ ਜਰਵਾਈ ਪਿੰਡ ਅਤੇ ਕਾਂਕੇਰ ਜ਼ਿਲ੍ਹੇ ਦੇ ਸਰਧੂ ਨਵਾਗਾਓਂ ਪਿੰਡ ਵਿੱਚ ਸਥਿਤ ਗੌਠਾਨਾਂ ਵਿੱਚ ਕੁਦਰਤੀ ਰੰਗ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ।

ਖਰੇ ਨੇ ਦੱਸਿਆ ਕਿ ਅਗਲੇ ਸਾਲ ਜਨਵਰੀ ਦੇ ਅੰਤ ਤੱਕ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਜਿਹੇ 73 ਹੋਰ ਯੂਨਿਟ ਸ਼ੁਰੂ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਰਾਜ ਦੇ ਬੇਮੇਤਰਾ, ਦੁਰਗ ਅਤੇ ਰਾਏਪੁਰ ਜ਼ਿਲ੍ਹਿਆਂ ਦੇ ਤਿੰਨ ਗੌਠਾਨਾਂ ਵਿੱਚ ਗੋਹੇ ਤੋਂ ਬਿਜਲੀ ਬਣਾਉਣ ਵਾਲੇ ਯੂਨਿਟ ਸ਼ੁਰੂ ਕੀਤੇ ਗਏ ਹਨ।

ਖਰੇ ਨੇ ਕਿਹਾ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਦੀਆਂ ਹਿਦਾਇਤਾਂ 'ਤੇ ਰਾਜ ਦੇ ਖੇਤੀਬਾੜੀ ਵਿਭਾਗ ਨੇ ਸਾਰੇ ਜ਼ਿਲ੍ਹਾ ਕਲੈਕਟਰਾਂ ਅਤੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀ.ਈ.ਓ.) ਨੂੰ ਗੌਠਾਨਾਂ ਵਿੱਚ ਪੇਂਟ ਨਿਰਮਾਣ ਯੂਨਿਟ ਸਥਾਪਤ ਕਰਨ ਅਤੇ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਰਸਾਇਣਕ ਪੇਂਟ ਦੀ ਥਾਂ ਗਾਂ ਦੇ ਗੋਹੇ ਵਾਲੇ ਪੇਂਟ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ ਹੈ। 

ਅਧਿਕਾਰੀ ਨੇ ਕਿਹਾ ਕਿ ਕਾਰਬਾਕਸਾਈਮਿਥਾਈਲ ਸੈਲੂਲੋਜ਼ ਗਾਂ ਦੇ ਗੋਹੇ ਤੋਂ ਬਣੇ ਕੁਦਰਤੀ ਰੰਗ ਦਾ ਮੁੱਖ ਹਿੱਸਾ ਹੈ। ਉਨ੍ਹਾਂ ਦੱਸਿਆ ਕਿ 100 ਕਿੱਲੋ ਗੋਹੇ ਤੋਂ ਲਗਭਗ 10 ਕਿੱਲੋ ਸੁੱਕਾ ਸੈਲੂਲੋਜ਼ ਤਿਆਰ ਕੀਤਾ ਜਾਂਦਾ ਹੈ। 

ਖਰੇ ਨੇ ਕਿਹਾ, "ਇਹ ਪੇਂਟ ਐਂਟੀ-ਬੈਕਟੀਰੀਅਲ, ਐਂਟੀ-ਫ਼ੰਗਲ, ਜ਼ਹਿਰ ਮੁਕਤ, ਵਾਤਾਵਰਨ ਹਿਤਕਾਰੀ ਅਤੇ ਬਦਬੂ-ਰਹਿਤ ਹੈ। ਗਾਂ ਦੇ ਗੋਹੇ ਤੋਂ ਬਣੇ ਦੋ ਤਰ੍ਹਾਂ ਦੇ ਪੇਂਟ ਦੀ ਕੀਮਤ ਕ੍ਰਮਵਾਰ 120 ਰੁਪਏ ਪ੍ਰਤੀ ਲੀਟਰ ਅਤੇ 225 ਰੁਪਏ ਪ੍ਰਤੀ ਲੀਟਰ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਲੀਟਰ ਤੋਂ 130 ਤੋਂ 139 ਰੁਪਏ ਅਤੇ 55 ਤੋਂ 64 ਰੁਪਏ ਦਾ ਮੁਨਾਫ਼ਾ ਮਿਲੇਗਾ।

ਖਰੇ ਨੇ ਕਿਹਾ ਕਿ ਰਾਏਪੁਰ ਦੇ ਬਾਹਰਵਾਰ ਹੀਰਾਪੁਰ ਜਰਵਾਈ ਪਿੰਡ ਵਿੱਚ ਸਥਾਪਿਤ ਯੂਨਿਟ ਵਿੱਚ 22 ਔਰਤਾਂ ਸ਼ਾਮਲ ਕੀਤੀਆਂ ਗਈਆਂ ਹਨ, ਅਤੇ ਇਸ ਸਾਲ ਜੂਨ ਵਿੱਚ ਉੱਥੇ ਉਤਪਾਦਨ ਸ਼ੁਰੂ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਰਾਏਪੁਰ ਵਿੱਚ ਪਸ਼ੂ ਹਸਪਤਾਲ ਸਮੇਤ ਸਰਕਾਰੀ ਇਮਾਰਤਾਂ ਦੀ ਪੇਂਟਿੰਗ ਵਿੱਚ ਗਾਂ ਦੇ ਗੋਹੇ ਤੋਂ ਬਣੇ ਪੇਂਟ ਦੀ ਵਰਤੋਂ ਕੀਤੀ ਗਈ ਹੈ।

ਕਾਂਕੇਰ ਜ਼ਿਲ੍ਹੇ ਦੀ ਚਰਾਮਾ ਜਨਪਦ ਪੰਚਾਇਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੀ.ਐੱਸ. ਬਢਈ ਨੇ ਦੱਸਿਆ ਕਿ ਕਾਂਕੇਰ ਦੇ ਸਕੂਲਾਂ ਅਤੇ ਹੋਸਟਲਾਂ ਨੂੰ ਪਹਿਲੀ ਵਾਰ ਇਸ ਕੁਦਰਤੀ ਰੰਗ ਨਾਲ ਰੰਗਿਆ ਗਿਆ ਹੈ।

ਬਢਈ ਨੇ ਦੱਸਿਆ ਕਿ ਮੁੱਖ ਮੰਤਰੀ ਨੇ 2 ਅਕਤੂਬਰ ਨੂੰ ਸਰਧੂ ਨਵਾਂਗਾਓਂ ਗੌਠਾਨ ਵਿਖੇ ਨਿਰਮਾਣ ਯੂਨਿਟ ਦਾ ਉਦਘਾਟਨ ਕੀਤਾ ਸੀ, ਜਿਸ ਦੀ ਇੱਕ ਦਿਨ ਵਿੱਚ 500 ਲੀਟਰ ਪੇਂਟ ਬਣਾਉਣ ਦੀ ਸਮਰੱਥਾ ਹੈ।

ਪਰ ਹੁਣ ਮੰਗ ਨੂੰ ਦੇਖਦੇ ਹੋਏ ਪੇਂਟ ਨੂੰ ਘੱਟ ਮਾਤਰਾ 'ਚ ਤਿਆਰ ਕੀਤਾ ਜਾ ਰਿਹਾ ਹੈ। ਹੁਣ ਤੱਕ ਇੱਕ ਹਜ਼ਾਰ ਲੀਟਰ ਪੇਂਟ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਵਿੱਚੋਂ ਪਿਛਲੇ ਇੱਕ ਹਫ਼ਤੇ ਵਿੱਚ 120 ਲੀਟਰ ਵਿਕ ਚੁੱਕਿਆ ਹੈ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਰਾਜ ਸਰਕਾਰ ਦੀ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਟਵੀਟ ਕੀਤਾ ਸੀ, "ਛੱਤੀਸਗੜ੍ਹ ਦੇ ਸਰਕਾਰੀ ਵਿਭਾਗੀ ਨਿਰਮਾਣਾਂ ਵਿੱਚ ਗਾਂ ਦੇ ਗੋਹੇ ਤੋਂ ਬਣੇ ਕੁਦਰਤੀ ਰੰਗ ਦੀ ਵਰਤੋਂ ਕਰਨ ਦੇ ਨਿਰਦੇਸ਼ ਦੇਣ ਲਈ ਮੈਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਵਧਾਈ ਦਿੰਦਾ ਹਾਂ।"

ਗਡਕਰੀ ਨੇ ਲਿਖਿਆ, "ਉਨ੍ਹਾਂ ਦਾ ਫ਼ੈਸਲਾ ਸ਼ਲਾਘਾਯੋਗ ਅਤੇ ਸਵਾਗਤਯੋਗ ਹੈ। ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਇਸ ਦੀ ਸ਼ੁਰੂਆਤ ਕੀਤੀ ਸੀ, ਜਦੋਂ ਉਹ ਐੱਮ.ਐੱਸ.ਐੱਮ.ਈ. ਮੰਤਰੀ ਸਨ। ਕੁਦਰਤੀ ਰੰਗ ਦੀ ਵਰਤੋਂ ਨਾਲ ਨਾ ਸਿਰਫ਼ ਵਾਤਾਵਰਨ ਦੀ ਰੱਖਿਆ ਹੋਵੇਗੀ ਸਗੋਂ ਕਿਸਾਨਾਂ ਨੂੰ ਰੁਜ਼ਗਾਰ ਦਾ ਨਵਾਂ ਮੌਕਾ ਵੀ ਮਿਲੇਗਾ, ਜਿਸ ਦਾ ਲਾਭ ਦੇਸ਼ ਦੇ ਕਿਸਾਨਾਂ ਨੂੰ ਮਿਲੇਗਾ।"