ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿਚ ਭਾਜਪਾ ਦੇ 80 ਮੁਸਲਿਮ ਆਗੂਆਂ ਨੇ ਪਾਰਟੀ ਛੱਡੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਾਨੂੰ ਮਿਹਣੇ ਮਾਰਦੇ ਹਨ ਕਿ ਸੀਏਏ ਬਾਬਤ ਕਦੋਂ ਤਕ ਚੁੱਪ ਬੈਠੇ ਰਹੋਗੇ?

File Photo

ਇੰਦੌਰ : ਨਵੇਂ ਨਾਗਰਿਕਤਾ ਕਾਨੂੰਨ ਨੂੰ 'ਧਾਰਮਕ ਆਧਾਰ 'ਤੇ ਬਣਾਈ ਗਈ ਵੰਡਪਾਊ ਨੀਤੀ' ਦਸਦਿਆਂ ਭਾਜਪਾ ਦੇ ਲਗਭਗ 80 ਮੁਸਲਿਮ ਆਗੂਆਂ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕੀਤਾ ਹੈ। ਭਾਜਪਾ ਆਗੂਆਂ ਵਿਚ ਸ਼ਾਮਲ ਰਾਜਿਕ ਕੁਰੈਸ਼ੀ ਫ਼ਰਸ਼ੀਵਾਲਾ ਨੇ ਦਸਿਆ ਕਿ ਲਗਭਗ 80 ਮੁਸਲਿਮ ਆਗੂਆਂ ਨੇ ਭਾਜਪਾ ਦੇ ਨਵੇਂ ਪ੍ਰਧਾਨ ਜੇ ਪੀ ਨੱਡਾ ਨੂੰ ਕਲ ਪੱਤਰ ਭੇਜ ਕੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਛੱਡਣ ਬਾਬਤ ਦੱਸ ਦਿਤਾ। ਇਨ੍ਹਾਂ ਵਿਚ ਭਾਜਪਾ ਦੇ ਘੱਟਗਿਣਤੀ ਮੋਰਚੇ ਦੇ ਕਈ ਅਹੁਦੇਦਾਰ ਸ਼ਾਮਲ ਹਨ।

ਕੁਰੈਸ਼ੀ ਨੇ ਕਿਹਾ, 'ਇਸ ਕਾਨੂੰਨ ਦੇ ਹੋਂਦ ਵਿਚ ਆਉਣ ਮਗਰੋਂ ਸਾਡਾ ਅਪਣੇ ਭਾਈਚਾਰੇ ਦੇ ਸਮਾਗਮਾਂ ਵਿਚ ਸ਼ਾਮਲ ਹੋਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿਚ ਲੋਕ ਸਾਨੂੰ ਇਹ ਕਹਿ ਕੇ ਮਿਹਣੇ ਮਾਰਦੇ ਹਨ ਕਿ ਅਸੀਂ ਸੀਏਏ ਜਿਹੇ ਵੰਡ ਪਾਊ ਕਾਨੂੰਨ ਬਾਬਤ ਕਦੋਂ ਤਕ ਚੁੱਪ ਰਹਾਂਗੇ।'

ਉਨ੍ਹਾਂ ਕਿਹਾ, 'ਕਿਸੇ ਵੀ ਤਬਕੇ ਦੇ ਅਸਲ ਪੀੜਤ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਮਿਲਣੀ ਚਾਹੀਦੀ ਹੈ। ਤੁਸੀਂ ਮਹਿਜ਼ ਧਰਮ ਦੇ ਆਧਾਰ 'ਤੇ ਤੈਅ ਨਹੀਂ ਕਰ ਸਕਦੇ ਕਿ ਫਲਾਣਾ ਵਿਅਕਤੀ ਘੁਸਪੈਠੀਆ ਜਾਂ ਅਤਿਵਾਦੀ ਹੈ।' ਮੁਸਲਿਮ ਆਗੂਆਂ ਨੇ ਪੱਤਰ ਵਿਚ ਲਿਖਿਆ ਹੈ, 'ਭਾਰਤੀ ਸੰਵਿਧਾਨ ਦੀ ਧਾਰਾ 14 ਤਹਿਤ ਕਿਸੇ ਵੀ ਭਾਰਤੀ ਨਾਗਰਿਕ ਨੂੰ ਬਰਾਬਰੀ ਦਾ ਅਧਿਕਾਰ ਮਿਲਿਆ ਹੋਇਆ ਹੈ

ਪਰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਸੀਏਏ ਨੂੰ ਧਾਰਮਕ ਆਧਾਰ 'ਤੇ ਲਾਗੂ ਕਰ ਕੇ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਹੈ ਜੋ ਸੰਵਿਧਾਨ ਦੀ ਮੂਲ ਭਾਵਨਾ ਵਿਰੁਧ ਹੈ।' ਪਾਰਟੀ ਛੱਡਣ ਵਾਲੇ ਕੁੱਝ ਆਗੂਆਂ ਵਿਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀ ਦੇ ਕਰੀਬੀ ਮੰਨੇ ਜਾਂਦੇ ਹਨ। ਵਿਜੇਵਰਗੀ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਪਰ ਜੇ ਕੋਈ ਵਿਅਕਤੀ ਗੁਮਰਾਹ ਹੋ ਰਿਹਾ ਹੈ ਤਾਂ ਉਸ ਨੂੰ ਸਮਝਾਇਆ ਜਾਵੇਗਾ।