ਨੌਦੀਪ ਕੌਰ ਦੀ ਕੁੱਟਮਾਰ ਦੇ ਦੋਸ਼ਾਂ ਤੋਂ ਮੁਕਰੀ ਪੁਲਿਸ, ਉਦਯੋਗਪਤੀਆਂ ਤੋਂ ਪੈਸੇ ਵਸੂਲਣ ਦੇ ਲਾਏ ਦੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਆਮ ਮੈਡੀਕਲ ਤੋਂ ਇਲਾਵਾ ਵਿਸ਼ੇਸ਼ ਮੈਡੀਕਲ ਜਾਂਚ ਕਰਵਾਉਣ ਦਾ ਦਾਅਵਾ

Naudeep Kaur,

ਹਰਿਆਣਾ: ਮਜ਼ਦੂਰ-ਹੱਕਾਂ ਦੀ ਗੱਲ ਕਰਨ ਵਾਲੀ ਕਾਰਕੁਨ ਨੌਦੀਪ ਕੌਰ ਨਾਲ ਕੁੱਟਮਾਰ ਦੇ ਦੋਸ਼ਾਂ ਤੋਂ ਹਰਿਆਣਾ ਪੁਲਿਸ ਨੇ ਇਨਕਾਰ ਕੀਤਾ ਹੈ। ਅਦਾਲਤ ਅੱਗੇ ਪੇਸ਼ ਕੀਤੀ ਗਈ ਰਿਪੋਰਟ ਵਿਚ ਹਰਿਆਣਾ ਪੁਲਿਸ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਉਲਟਾ ਨੌਦੀਪ ਕੌਰ ਖਿਲਾਫ ਉਦਯੋਗਪਤੀਆਂ ਤੋਂ ਪੈਸੇ ਉਗਰਾਹੁਣ ਦੇ ਦੋਸ਼ ਲਾਏ ਹਨ। ਹਾਈ ਕੋਰਟ ਅੱਗੇ ਪੇਸ਼ ਕੀਤੀ ਗਈ ਸਥਿਤੀ ਰਿਪੋਰਟ 'ਚ ਹਰਿਆਣਾ ਪੁਲਿਸ ਨੇ ਕਿਹਾ ਕਿ ਕੁਝ ਸੋਸ਼ਲ ਮੀਡੀਆ ਮੰਚਾਂ ਵੱਲੋਂ 'ਝੂਠੇ' ਦੋਸ਼ ਲਗਾਏ ਜਾ ਰਹੇ ਹਨ ਕਿ ਕੌਰ ਨੂੰ ਗ਼ਲਤ ਤਰੀਕੇ ਨਾਲ ਫਸਾਇਆ ਗਿਆ ਅਤੇ ਮਨਮਾਨੇ ਤਰੀਕੇ ਨਾਲ ਉਸ ਨੂੰ ਹਿਰਾਸਤ 'ਚ ਰੱਖਿਆ ਗਿਆ। 

ਦੱਸਣਯੋਗ ਹੈ ਕਿ ਅਦਾਲਤ ਕੌਰ ਦੀ ਗੈਰ-ਕਾਨੂੰਨ ਹਿਰਾਸਤ ਮਾਮਲੇ ਦੀ ਸੁਣਵਾਈ ਕਰ ਰਹੀ ਹੈ। ਬੀਤੇ ਦਿਨ ਨੌਦੀਪ ਕੌਰ ਨੇ ਹਾਈ ਕੋਰਟ 'ਚ ਆਪਣੀ ਨਿਯਮਿਤ ਜ਼ਮਾਨਤ ਪਟੀਸ਼ਨ 'ਚ ਦੋਸ਼ ਲਗਾਇਆ ਕਿ ਪਿਛਲੇ ਮਹੀਨੇ ਸੋਨੀਪਤ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਕ ਥਾਣੇ 'ਚ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।  

ਨੌਦੀਪ ਕੌਰ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਕਾਨੂੰਨ ਦੀ ਉਲੰਘਣਾ ਕਰਦਿਆਂ ਉਨ੍ਹਾਂ ਦੀ ਮੈਡੀਕਲ ਜਾਂਚ ਨਹੀਂ ਕਰਵਾਈ ਗਈ। ਪੁਲਿਸ ਨੇ ਨੌਦੀਪ ਨਾਲ ਕੁੱਟਮਾਰ ਦੇ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਨੂੰ ਥਾਣੇ 'ਚ ਮਹਿਲਾ ਵੇਟਿੰਗ ਰੂਮ 'ਚ ਰੱਖਿਆ ਗਿਆ, ਜਿੱਥੇ 2 ਪੁਲਿਸ ਮੁਲਾਜ਼ਮ ਬੀਬੀਆਂ ਵੀ ਮੌਜੂਦ ਸਨ।

ਪੁਲਿਸ ਮੁਤਾਬਕ ਥਾਣੇ ਤੋਂ ਉਸ ਨੂੰ ਉਸੇ ਦਿਨ ਮੈਡੀਕਲ ਜਾਂਚ ਲਈ ਸੋਨੀਪਤ ਸਿਵਲ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਰਿਪੋਰਟ 'ਚ ਕਿਹਾ, ''ਉਸ ਦੀ ਨਾ ਸਿਰਫ਼ ਆਮ ਮੈਡੀਕਲ ਜਾਂਚ ਕਰਵਾਈ ਗਈ ਸਗੋਂ ਮਹਿਲਾ ਮੈਡੀਕਲ ਵੱਲੋਂ ਵਿਸ਼ੇਸ਼ ਮੈਡੀਕਲ ਜਾਂਚ ਵੀ ਕਰਵਾਈ ਗਈ।''