ਕੋਰੋਨਾ ਦੇ ਇਲਾਜ ਨੂੰ ਲੈ ਕੇ ਫੈਲੀ ਅਫ਼ਵਾਹ, ਬਜ਼ਾਰ ਤੋਂ ਗਾਇਬ ਹੋ ਗਈ ਇਹ ਦਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ 21 ਦਿਨਾਂ ਲਈ ਤਾਲਾਬੰਦੀ ਲਾਗੂ ਕੀਤੀ ਗਈ ਹੈ ਕਿਉਂਕਿ ਸਰਕਾਰ ਲੋਕਾਂ ਨੂੰ ਭਿਆਨਕ ਕੋਰੋਨਾ ਵਾਇਰਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Photo

ਨਵੀਂ ਦਿੱਲੀ: ਦੇਸ਼ ਵਿਚ 21 ਦਿਨਾਂ ਲਈ ਤਾਲਾਬੰਦੀ ਲਾਗੂ ਕੀਤੀ ਗਈ ਹੈ ਕਿਉਂਕਿ ਸਰਕਾਰ ਲੋਕਾਂ ਨੂੰ ਭਿਆਨਕ ਕੋਰੋਨਾ ਵਾਇਰਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸਰਕਾਰ ਲਈ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਇਕੋ ਇਕ ਚੁਣੌਤੀ ਨਹੀਂ ਹੈ ਬਲਕਿ ਬਹੁਤ ਸਾਰੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ, ਜਿਸ ਦੇ ਚਲਦੇ ਸਰਕਾਰ ਦਾ ਕੰਮ ਹੋਰ ਵਧ ਗਿਆ ਹੈ।

ਅਜਿਹੀ ਇਕ ਅਫਵਾਹ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈਆਂ ਬਾਰੇ ਫੈਲ ਰਹੀ ਹੈ। ਹਾਈਡ੍ਰੋਕਸਾਈਡ ਕਲੋਰੋਕਿਨ ਨਾਂਅ ਦੀ ਇਸ ਦਵਾਈ ਨੂੰ ਗਠੀਏ ਅਤੇ ਮਲੇਰੀਆ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਸਿਹਤ ਵਰਕਰਾਂ ਵੱਲੋਂ ਇਸ ਦੀ ਵਰਤੋਂ ਇਮਿਊਨਿਟੀ ਵਧਾਉਣ ਲਈ ਵੀ ਕੀਤੀ ਜਾਂਦੀ ਹੈ, ਪਰ ਕੋਰੋਨਾ ਵਾਇਰਸ ਕਾਰਨ ਮਚੀ ਹਾਹਾਕਾਰ ਦੌਰਾਨ ਲੋਕਾਂ ਨੇ ਇਸ ਨੂੰ ਕੋਰੋਨਾ ਦਾ ਪੱਕਾ ਇਲਾਜ਼ ਮੰਨਦਿਆਂ ਮੈਡੀਕਲ ਸਟੋਰਾਂ ਤੋਂ ਥੋਕ ਕੀਮਤਾਂ 'ਤੇ ਦਵਾਈਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਨਤੀਜੇ ਵਜੋਂ ਇਸ ਦਵਾਈ ਦੀ ਮਾਰਕੀਟ ਵਿਚ ਕਿੱਲਤ ਆ ਗਈ ਹੈ। ਇਕ ਥੋਕ ਦਵਾਈ ਵਿਕਰੇਤਾ ਦਾ ਕਹਿਣਾ ਹੈ ਕਿ ਥੋਕ ਦਵਾਈਆਂ ਦੀ ਦੁਕਾਨਾਂ ਤੋਂ ਇਲਾਵਾ ਉਨ੍ਹਾਂ ਕੰਪਨੀਆਂ ਤੋਂ ਦਵਾਈਆਂ ਦੀ ਸਪਲਾਈ ਵੀ ਘੱਟ ਗਈ, ਜਿਥੋਂ ਥੋਕ ਦਵਾਈ ਵਿਕਰੇਤਾ ਆਪਣਾ ਮਾਲ ਮੰਗਵਾਉਂਦੇ ਸਨ। ਜਦਕਿ ਸਰਕਾਰ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਸ ਦਵਾਈ ਦਾ ਕੋਰੋਨਾ ਦੇ ਇਲਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਪਰ ਲੋਕ ਇਸ ਦੀ ਅਸਲੀਅਤ ਨੂੰ ਸਮਝਣ ਨਹੀਂ ਰਹੇ ਤੇ ਇਹ ਦਵਾਈ ਮਾਰਕਿਟ ਵਿਚ ਖਤਮ ਹੋ ਗਈ ਹੈ। ਹਾਲਾਂਕਿ ਹੁਣ ਸਰਕਾਰ ਸਖਤ ਰੁਖ ਅਪਣਾਉਣ ਦਾ ਮਨ ਬਣਾ ਚੁੱਕੀ ਹੈ ਕਿਉਂਕਿ ਮਾਮਲਾ ਵਿਗੜਦਾ ਜਾ ਰਿਹਾ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਅਤੇ ਪ੍ਰਮੁੱਖ ਸਕੱਤਰ ਸਿਹਤ ਨੇ ਸਪੱਸ਼ਟ ਕੀਤਾ ਹੈ ਕਿ ਕੋਰੋਨਾ ਮਾਮਲੇ ਵਿਚ ਦਵਾਈਆਂ ਸਮੇਤ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਕਿਸੇ ਵੀ ਤਰ੍ਹਾਂ ਦੀ ਅਫਵਾਹ ਅਤੇ ਕਾਲਾਬਜ਼ਾਰੀ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਹੁਣ ਵੇਖਣਾ ਇਹ ਹੋਵੇਗਾ ਕਿ ਕੀ ਸਰਕਾਰ ਦੀ ਇਸ ਸਖ਼ਤ ਹਦਾਇਤ ਨਾਲ ਲੋਕ ਸੁਧਾਰਦੇ ਹਨ ਜਾਂ ਸਰਕਾਰ ਨੂੰ ਇਸ ਨਾਲ ਨਜਿੱਠਣ ਲਈ ਕੁਝ ਹੋਰ ਢੰਗ ਲੱਭਣਾ ਪਏਗਾ।