CJI ਵਿਰੁਧ ਸਾਜ਼ਿਸ਼ ਮਾਮਲੇ ’ਚ ਸੇਵਾਮੁਕਤ ਜਸਟਿਸ ਏਕੇ ਪਟਨਾਇਕ ਕਰਨਗੇ ਜਾਂਚ
ਸੁਪਰੀਮ ਕੋਰਟ ਨੇ ਸੀਬੀਆਈ, ਆਈਬੀ ਅਤੇ ਦਿੱਲੀ ਪੁਲਿਸ ਨੂੰ ਕਿਹਾ ਹੈ ਕਿ ਉਹ ਜਸਟਿਸ ਪਟਨਾਇਕ ਦੀ ਜਾਂਚ ਵਿਚ ਮਦਦ ਕਰਨ
ਨਵੀਂ ਦਿੱਲੀ: ਚੀਫ਼ ਜਸਟਿਸ ਵਿਰੁਧ ਸਾਜਿਸ਼ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਅਪਣਾ ਫ਼ੈਸਲਾ ਸੁਣਾਉਂਦੇ ਹੋਏ ਜਾਂਚ ਕਮੇਟੀ ਦਾ ਗਠਨ ਕਰ ਦਿਤਾ ਹੈ। ਹੁਣ ਜਸਟਿਸ ਏਕੇ ਪਟਨਾਇਕ ਦੀ ਅਗਵਾਈ ਵਿਚ ਜਾਂਚ ਹੋਵੇਗੀ। ਜਸਟਿਸ ਪਟਨਾਇਕ ਹਲਫ਼ਨਾਮੇ ਅਤੇ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰਨਗੇ। ਨਾਲ ਹੀ ਸੀਬੀਆਈ, ਆਈਬੀ ਅਤੇ ਦਿੱਲੀ ਪੁਲਿਸ ਨੂੰ ਕਿਹਾ ਹੈ ਕਿ ਉਹ ਜਸਟਿਸ ਪਟਨਾਇਕ ਦੀ ਜਾਂਚ ਵਿਚ ਮਦਦ ਕਰਨ।
ਹਾਲਾਂਕਿ, ਕੋਰਟ ਨੇ ਕਿਹਾ ਕਿ ਚੀਫ਼ ਜਸਟਿਸ ਰੰਜਨ ਗੋਗੋਈ ਉਤੇ ਲਗਾਏ ਇਲਜ਼ਾਮ ਇਸ ਜਾਂਚ ਦੇ ਘੇਰੇ ਤੋਂ ਬਾਹਰ ਹੋਣਗੇ। ਸਿਰਫ਼ ਸਾਜ਼ਿਸ਼ ਦੀ ਜਾਂਚ ਹੋਵੇਗੀ। ਜਸਟਿਸ ਪਟਨਾਇਕ ਸੀਲ ਬੰਦ ਲਿਫ਼ਾਫ਼ੇ ਵਿਚ ਜਾਂਚ ਰਿਪੋਰਟ ਅਦਾਲਤ ਨੂੰ ਸੌਂਪਣਗੇ। ਫ਼ੈਸਲੇ ਉਤੇ ਇੰਦਰਾ ਜੈ ਸਿੰਘ ਨੇ ਕਿਹਾ ਕਿ ਚੀਫ਼ ਜਸਟਿਸ ਗੋਗੋਈ ਤੋਂ ਸਾਰੀਆਂ ਪ੍ਰਬੰਧਕੀ ਅਤੇ ਕਾਨੂੰਨੀ ਜ਼ਿੰਮੇਵਾਰੀਆਂ ਲੈ ਲੈਣੀਆਂ ਚਾਹੀਦੀਆਂ ਹਨ। ਦੋਵਾਂ ਹਲਫ਼ਨਾਮਿਆਂ ਉਤੇ ਜਾਂਚ ਇਕੱਠੀ ਚੱਲਣੀ ਚਾਹੀਦੀ ਹੈ, ਕਿਉਂਕਿ ਦੋਵੇਂ ਮਾਮਲੇ ਇਕੱਠੇ ਜੁੜੇ ਹੋਏ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਮਤਲਬ ਵੀਰਵਾਰ ਸਵੇਰੇ ਵਕੀਲ ਉਤਸਵ ਬੈਂਸ ਨੇ ਹਲਫ਼ਨਾਮਾ ਅਤੇ ਸੀਲ ਬੰਦ ਸਬੂਤ ਕੋਰਟ ਨੂੰ ਦਿਤੇ। ਇਸ ਦੌਰਾਨ ਉਤਸਵ ਨੇ ਕਿਹਾ ਕਿ ਉਹ ਇਕ ਹੋਰ ਹਲਫ਼ਨਾਮਾ ਦੇ ਕੇ ਕੋਰਟ ਨੂੰ ਦੱਸਣਾ ਚਾਹੁੰਦੇ ਹਨ ਕਿ ਇਸ ਪੂਰੇ ਮਾਮਲੇ ਵਿਚ ਕੋਈ ਜੱਜ ਜਾਂ ਉਨ੍ਹਾਂ ਦਾ ਰਿਸ਼ਤੇਦਾਰ ਅਸਰ ਪਾਉਣ ਵਾਲਿਆਂ ਵਿਚ ਨਹੀਂ ਹੈ। ਸਪੈਸ਼ਲ ਬੈਂਚ ਨੇ ਦੋਵਾਂ ਪੱਖਾਂ ਦੀ ਦਲੀਲ ਸੁਣੀ।
ਇਸ ਮਾਮਲੇ ਵਿਚ ਵੱਡੀ ਸਾਜਿਸ਼ ਦਾ ਇਸ਼ਾਰਾ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਵੱਡੇ ਅਤੇ ਸ਼ਕਤੀਸ਼ਾਲੀ ਲੋਕ ਇਸ ਸਾਜਿਸ਼ ਦੇ ਪਿੱਛੇ ਹੋ ਸਕਦੇ ਹਨ ਪਰ ਉਹ ਸਮਝ ਲੈਣ ਕਿ ਉਹ ਅੱਗ ਨਾਲ ਖੇਡ ਰਹੇ ਹਨ।