ਕੁਮਾਰਸਵਾਮੀ ਸਰਕਾਰ ਨੇ ਹਾਸਲ ਕੀਤਾ ਵਿਸ਼ਵਾਸ ਮਤ, 117 ਵੋਟਾਂ ਪਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਵਿਚ ਤਿੰਨ ਦਿਨ ਪੁਰਾਣੀ ਐਚ ਡੀ ਕੁਮਾਰਸਵਾਮੀ ਸਰਕਾਰ ਨੇ ਅੱਜ ਵਿਸ਼ਵਾਸ ਮਤ ਹਾਸਲ ਕਰ ਲਿਆ। ਵਿਸ਼ਵਾਸ ਮਤ ਹਾਸਲ ਕਰਨ ਦੀ ਕਾਰਵਾਈ ਦੌਰਾਨ ਭਾਜਪਾ ...

KumaraSwamy with other Party members

ਕਰਨਾਟਕ ਵਿਚ ਤਿੰਨ ਦਿਨ ਪੁਰਾਣੀ ਐਚ ਡੀ ਕੁਮਾਰਸਵਾਮੀ ਸਰਕਾਰ ਨੇ ਅੱਜ ਵਿਸ਼ਵਾਸ ਮਤ ਹਾਸਲ ਕਰ ਲਿਆ। ਵਿਸ਼ਵਾਸ ਮਤ ਹਾਸਲ ਕਰਨ ਦੀ ਕਾਰਵਾਈ ਦੌਰਾਨ ਭਾਜਪਾ ਦੇ ਵਿਧਾਇਕ ਗ਼ੈਰ-ਹਾਜ਼ਰ ਰਹੇ। ਇਸ ਤਰ੍ਹਾਂ ਸੂਬੇ ਵਿਚ ਦਸ ਦਿਨ ਤੋਂ ਚੱਲ ਰਿਹਾ ਰਾਜਨੀਤਕ ਨਾਟਕ ਅੱਜ ਖ਼ਤਮ ਹੋ ਗਿਆ। ਵਿਰੋਧੀ ਧਿਰ ਦੇ ਨੇਤਾ ਬੀ ਐਸ ਯੇਦੀਯੁਰੱਪਾ ਨੇ ਜੇਡੀਐਸ ਅਤੇ ਕਾਂਗਰਸ ਗਠਜੋੜ ਨੂੰ ਨਾਪਾਕ ਦਸਿਆ ਅਤੇ ਫਿਰ ਭਾਜਪਾ ਵਿਧਾਇਕਾਂ ਨਾਲ ਸਦਨ ਵਿਚੋਂ ਵਾਕਆਊਟ ਕਰ ਦਿਤਾ ਜਿਸ ਨਾਲ 58 ਸਾਲਾ ਕੁਮਾਰਸਵਾਮੀ ਲਈ ਰਾਹ ਸੌਖਾ ਹੋ ਗਿਆ।

ਸੂਬੇ ਦੀ 224 ਮੈਂਬਰੀ ਵਿਧਾਨ ਸਭਾ ਵਿਚ ਫ਼ਿਲਹਾਲ ਵਿਧਾਇਕਾਂ ਦੀ ਗਿਣਤੀ 221 ਹੈ ਜਿਸ ਵਿਚ ਜੇਡੀਯੂ ਅਤੇ ਕਾਂਗਰਸ ਗਠਜੋੜ ਨੇ 117 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ। ਕਾਂਗਰਸ ਦੇ 78 ਵਿਧਾਇਕ ਹਨ ਜਦਕਿ ਜੇਡੀਐਸ ਦੇ 36 ਅਤੇ ਬਸਪਾ ਦਾ ਇਕ ਵਿਧਾਇਕ ਹੈ। ਭਾਜਪਾ ਦੇ 104 ਵਿਧਾਇਕ ਹਨ।ਕੁਮਾਰਸਵਾਮੀ ਦੇ ਸਮਰਥਨ ਵਿਚ 117 ਵਿਧਾਇਕਾਂ ਨੇ ਵੋਟ ਪਾਈ। ਵਿਸ਼ਵਾਸ ਮਤਾ ਪੇਸ਼ ਕਰਦਿਆਂ ਕੁਮਾਰਸਵਾਮੀ ਨੇ ਕਿਹਾ ਕਿ ਕਾਫ਼ੀ ਸੋਚ ਸਮਝ ਕੇ ਹੀ ਗਠਜੋੜ ਸਰਕਾਰ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਭਵਿੱਖ ਵੀ ਗਠਜੋੜ 'ਤੇ ਹੀ ਟਿਕਿਆ ਹੋਇਆ ਹੈ। 

ਵਿਸ਼ਵਾਸ ਮਤ ਤੋਂ ਪਹਿਲਾਂ ਵਿਧਾਨ ਸਭਾ ਸਪੀਕਰ ਲਈ ਹੋਈ ਚੋਣ ਨੂੰ ਕਾਂਗਰਸ ਨੇ ਜਿਤਿਆ। ਭਾਜਪਾ ਦੇ ਸਪੀਕਰ ਦੇ ਅਹੁਦੇ ਲਈ ਐਸ ਸੁਰੇਸ਼ ਕੁਮਾਰ ਨੇ ਅਪਣਾ ਨਾਮ ਵਾਪਸ ਲੈ ਲਿਆ। ਇਸ ਤਰ੍ਹਾਂ ਕਾਂਗਰਸ ਦੇ ਸਾਬਕਾ ਸਪੀਕਰ ਕੇ ਆਰ ਰਮੇਸ਼ ਕੁਮਾਰ ਨੂੰ ਸਪੀਕਰ ਚੁਣਿਆ ਗਿਆ। ਕਰਨਾਟਕ ਵਿਧਾਨ ਸਭਾ ਦੇ ਨਵੇਂ ਸਪੀਕਰ ਕੇ ਆਰ ਰਮੇਸ਼ ਕੁਮਾਰ ਨੇ ਭਾਜਪਾ ਦੇ ਬੀਐਸ ਯੇਦੀਯੁਰੱਪਾ ਨੂੰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਚੁਣਿਆ, ਗੋਵਿੰਦ ਕਰਜੋਲ ਨੂੰ ਵਿਰੋਧੀ ਧਿਰ ਦਾ ਉਪ ਨੇਤਾ ਚੁਣਿਆ ਗਿਆ। 

ਕੁਮਾਰ ਸਵਾਮੀ ਨੇ ਕਿਹਾ ਕਿ ਸਪੀਕਰ ਦੀ ਚੋਣ ਸਰਬਸੰਮਤੀ ਨਾਲ ਕਰਵਾਉਣ 'ਤੇ ਉਹ ਵਿਰੋਧੀ ਧਿਰ ਦੇ ਸਾਰੇ ਆਗੂਆਂ ਦਾ ਧਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸਿਧਾਰਮਈਆ ਨੇ ਸਪੀਕਰ ਦੇ ਨਾਮ ਲਈ ਰਮੇਸ਼ ਕੁਮਾਰ ਦਾ ਨਾਮ ਪੇਸ਼ ਕੀਤਾ ਗਿਆ ਅਤੇ ਵੀਰਵਾਰ ਨੂੰ ਨਾਮਜ਼ਦਗੀ ਦਾਖ਼ਲ ਕੀਤੀ ਗਈ ਤਾਂ ਮੈਨੂੰ ਹਾਜ਼ਰ ਹੋਣਾ ਚਾਹੀਦਾ ਸੀ। ਉਸ ਸਮੇਂ ਕਈ ਲੋਕਾਂ ਨੂੰ ਸ਼ੱਕ ਸੀ, ਜਿਸ ਨੂੰ ਮੈਂ ਖ਼ਾਰਜ ਕਰਦਾ ਹਾਂ। (ਏਜੰਸੀ)