ਅਤਿਵਾਦੀਆਂ ਵਲੋਂ ਪੁਲਿਸ ਟੀਮ ਗ੍ਰਨੇਡ ਨਾਲ ਹਮਲਾ, ਤਿੰਨ ਜਵਾਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਵਿਚ ਸ਼ੱਕੀ ਅਤਿਵਾਦੀਆਂ ਦੇ ਇਕ ਬੱਸ ਸਟੈਂਡ 'ਤੇ ਇਕ ਗ੍ਰਨੇਡ ਹਮਲੇ ਵਿਚ ਇਕ ਥਾਣਾ ਮੁਖੀ ਸਮੇਤ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ...

army checking in jammu

ਨਵੀਂ ਦਿੱਲੀ : ਜੰਮੂ ਵਿਚ ਸ਼ੱਕੀ ਅਤਿਵਾਦੀਆਂ ਦੇ ਇਕ ਬੱਸ ਸਟੈਂਡ 'ਤੇ ਇਕ ਗ੍ਰਨੇਡ ਹਮਲੇ ਵਿਚ ਇਕ ਥਾਣਾ ਮੁਖੀ ਸਮੇਤ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਦਕਿ ਸ੍ਰੀਨਗਰ ਵਿਚ ਸੀਆਰਪੀਐਫ ਦੇ ਇਕ ਕੈਂਪ 'ਤੇ ਇਸੇ ਤਰ੍ਹਾਂ ਦਾ ਇਕ ਦੂਜਾ ਹਮਲਾ ਕੀਤਾ ਗਿਆ। ਹਾਲਾਂਕਿ ਦੂਜੇ ਹਮਲੇ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ। ਜੰਮੂ ਦੇ ਸੀਨੀਅਰ ਪੁਲਿਸ ਅਧਿਕਾਰੀ ਵਿਵੇਕ ਗੁਪਤਾ ਨੇ ਕਿਹਾ ਕਿ ਬੱਸ ਸਟੈਂਡ ਇਲਾਕੇ ਵਿਚ ਵੀਰਵਾਰ ਰਾਤ ਗ੍ਰਨੇਡ ਹਮਲਾ ਕੀਤਾ ਗਿਆ। 

ਸ਼ੱਕੀ ਅਤਿਵਾਦੀਆਂ ਨੇ ਇਕ ਪੁਲਿਸ ਵਾਹਨ 'ਤੇ ਗ੍ਰਨੇਡ ਸੁੱਟਿਆ। ਉਨ੍ਹਾਂ ਕਿਹਾ ਕਿ ਹਮਲੇ ਵਿਚ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਵਿਚੋਂ ਦੋ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਦਕਿ ਥਾਣਾ ਮੁਖੀ ਨੂੰ ਮਾਮੂਲੀ ਸੱਟਾਂ ਵੱਜੀਆਂ। ਗੁਪਤਾ ਨੇ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਅਤੇ ਸ਼ੱਕੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ।

ਪੁਲਿਸ ਨੇ ਦਸਿਆ ਕਿ ਇਸੇ ਦੌਰਾਨ ਸ੍ਰੀਨਗਰ ਵਿਚ ਵੀਰਵਾਰ ਰਾਤ ਅਤਿਵਾਦੀਆਂ ਨੇ ਨਵਕਾਦਲ ਦੇ ਬਰਾਰੀਪੋਰਾ ਵਿਚ ਸਥਿਤ ਸੀਆਰਪੀਐਫ ਕੈਂਪ ਵੱਲ ਇਕ ਗ੍ਰਨੇਡ ਸੁੱਟਿਆ ਪਰ ਉਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਥੇ ਜੰਮੂ ਕਸ਼ਮੀਰ ਵਿਚ ਕੌਮਾਂਤਰੀ ਸਰਹੱਦ 'ਤੇ ਚੱਲ ਰਹੀ ਲਗਾਤਾਰ ਫਾਈਰਿੰਗ ਦੀ ਵਜ੍ਹਾ ਨਾਲ ਸਰਹੱਦ 'ਤੇ ਵਸੇ ਪਿੰਡ ਖ਼ਾਲੀ ਹੋ ਗਏ ਹਨ। ਕਰੀਬ 50 ਹਜ਼ਾਰ ਲੋਕ ਅਪਣੇ ਘਰ ਛੱਡ ਕੇ ਕੈਂਪਾਂ ਵਿਚ ਜਾਣ ਲਈ ਮਜਬੂਰ ਹਨ।

ਇਸ ਸਭ ਦੇ ਚਲਦਿਆਂ ਦੋਵੇਂ ਦੇਸ਼ਾਂ ਵਿਚ ਸ਼ਾਂਤੀ ਦੀ ਉਮੀਦ ਦਮ ਤੋੜ ਰਹੀ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਸਰਹੱਦ ਦੇ ਪਿੰਡਾਂ ਵਿਚ ਲਗਾਤਾਰ ਪਾਕਿਸਤਾਨ ਵਲੋਂ ਫਾਈਰਿੰਗ ਜਾਰੀ ਹੈ, ਜਿਸ ਨਾਲ ਦਸ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਕਈ ਜ਼ਖ਼ਮੀ ਹੋਏ ਹਨ। ਜੰਮੂ ਤੋਂ ਮਹਿਜ਼ 30 ਕਿਲੋਮੀਟਰ ਦੂਰ ਆਰਐਸ ਪੁਰਾ ਦੇ ਪਿੰਡਾਂ ਵਿਚ ਜਿਵੇਂ ਹੀ ਅਸੀਂ ਹੋਰ ਅੰਦਰ ਜਾਂਦੇ ਹਾਂ ਤਾਂ ਸ਼ਮਕਾ ਪਿੰਡ ਪਾਕਿਸਤਾਨੀ ਗੋਲੀਬਾਰੀ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਇਆ ਹੈ। ਜਿਸ ਦੀ ਕੋਈ ਵੀ ਕੰਧ ਅਜਿਹੀ ਨਹੀਂ ਹੈ, ਜਿਸ 'ਤੇ ਗੋਲੀਆਂ ਦੇ ਨਿਸ਼ਾਨ ਨਾ ਹੋਣ।