ਕਸ਼ਮੀਰ ਵਿਚ ਫ਼ੌਜੀ ਕਾਰਵਾਈ ਤੇਜ਼ ਹੋਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਖਣੀ ਕਸ਼ਮੀਰ ਵਿਚ ਮੁਕਾਬਲੇ ਦੌਰਾਨ ਲਸ਼ਕਰ ਦੇ ਦੋ ਅਤਿਵਾਦੀ ਹਲਾਕ

Army during Fight

ਸ੍ਰੀਨਗਰ: ਦਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦੇ ਦੋ ਅਤਿਵਾਦੀ ਮਾਰੇ ਗਏ ਤੇ ਇਕ ਅਤਿਵਾਦੀ ਨੇ ਆਤਮਸਮਰਪਣ ਕਰ ਦਿਤਾ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਮੁਕਾਬਲਾ ਦੁਪਹਿਰ ਸਮੇਂ ਕੁਲਗਾਮ ਦੇ ਪਿੰਡ ਵਿਚ ਉਸ ਸਮੇਂ ਸ਼ੁਰੂ ਹੋਇਆ ਜਦ ਜੰਮੂ-ਕਸ਼ਮੀਰ ਪੁਲਿਸ, ਸੀਆਰਪੀਐਸਫ਼ ਅਤੇ ਫ਼ੌਜ 28 ਜੂਨ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਤੋਂ ਪਹਲਾਂ ਰਾਸ਼ਟਰੀ ਰਾਜਮਾਰਗ ਨੂੰ ਸੁਰੱਖਿਅਤ ਬਣਾਉਣ ਲਈ ਮੁਹਿੰਮ ਚਲਾ ਰਹੇ ਸੀ।

ਮਾਰਿਆ ਗਿਆ ਸ਼ਕੂਰ ਅਹਿਮਦ ਡਾਰ ਲਸ਼ਕਰ ਦਾ ਆਪੇ ਬਣਿਆ ਖੇਤਰੀ ਕਮਾਂਡਰ ਸੀ। ਫ਼ੌਜ ਨੂੰ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਮਿਲੀ ਸੀ ਤੇ ਸ਼ੱਕੀ ਮਕਾਨ ਨੂੰ ਘੇਰਾ ਪਾ ਲਿਆ ਗਿਆ। ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਮਕਾਨ ਅੰਦਰ ਲੁਕੇ ਦੋ ਅਤਿਵਾਦੀ ਮਾਰੇ ਗਏ। ਦੂਜਾ ਅਤਿਵਾਦੀ ਪਾਕਿਸਤਾਨੀ ਨਾਗਰਿਕ ਸੀ ਜਿਸ ਦਾ ਨਾਮ ਹੈਦਰ ਹੈ। ਅਹਿਮਦ ਵਿਰੁਧ ਦਖਣੀ ਕਸ਼ਮੀਰ ਦੇ ਵੱਖ ਵੱਖ ਥਾਣਿਆਂ ਵਿਚ ਕਈ ਮਾਮਲੇ ਦਰਜ ਹਨ। ਮੁਕਾਬਲੇ ਵਾਲੀ ਥਾਂ ਤੋਂ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਬਰਾਮਦ ਹੋਇਆ ਹੈ।

ਇਕ ਅਤਿਵਾਦੀ ਨੇ ਆਤਮਸਮਰਪਣ ਕਰ ਦਿਤਾ ਹੈ। ਮੁਕਾਬਲੇ ਮਗਰੋਂ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਹਨ। ਇਲਾਕੇ ਵਿਚ ਫ਼ੌਜ ਦੀ ਤਲਾਸ਼ੀ ਮੁਹਿੰਮ ਜਾਰੀ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਨੂੰ ਮੁਕਾਬਲੇ ਵਿਚ ਉਲਝਾ ਦਿਤਾ। ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ ਜਦਕਿ ਸੁਰੱਖਿਆ ਬਲਾਂ ਨੂੰ ਪਿੰਡ ਵਿਚ ਅਪਣੇ ਟਿਕਾਣੇ ਵਲ ਆਉਂਦਿਆਂ ਵੇਖ ਕੇ ਅਤਿਵਾਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਅਤੇ ਭੱਜਣ ਦਾ ਯਤਨ ਕੀਤਾ। ਜਵਾਨਾਂ ਨੇ ਤੁਰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਕਾਬਲੇ ਵਿਚ ਉਲਝਾ ਲਿਆ। ਇਸੇ ਦੌਰਾਨ ਇਲਾਕੇ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ। 

ਮੁਕਾਬਲੇ ਵਾਲੀ ਥਾਂ ਭਾਰੀ ਗਿਣਤੀ ਵਿਚ ਜਮ੍ਹਾਂ ਅਤਿਵਾਦੀ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਝੜਪਾਂ ਵੀ ਸ਼ੁਰੂ ਹੋ ਚੁਕੀਆਂ ਹਨ। ਜੰਮੂ ਕਸ਼ਮੀਰ ਦੇ ਡੀਜੀਪੀ ਐਸਪੀ ਵੈਦ ਨੇ ਟਵਿਟਰ 'ਤੇ ਮੁਕਾਬਲੇ ਵਿਚ ਦੋ ਅਤਿਵਾਦੀਆਂ ਦੇ ਮਾਰੇ ਜਾਣ ਅਤੇ ਇਕ ਅਤਿਵਾਦੀ ਦੇ ਆਤਮਸਮਰਪਣ ਕਰਨ ਦੀ ਪੁਸ਼ਟੀ ਕੀਤੀ। (ਏਜੰਸੀ)