ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਲਈ ਕੱਟੇ ਜਾਣਗੇ 54 ਹਜ਼ਾਰ ਦਰੱਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੋਰੀਡੋਰ (ਬੁਲੇਟ ਟਰੇਨ) ਪ੍ਰਾਜੈਕਟ ਦੇ ਚਲਦਿਆਂ 13.36 ਹੈਕਟੇਅਰ ਖੇਤਰ ਵਿਚ ਫੈਲੇ ਕਰੀਬ 54 ਹਜ਼ਾਰ ਮੈਂਗਰੋਵ (ਦਰੱਖ਼ਤ) ਕੱਟੇ ਜਾਣਗੇ।

54 thousand mangroves to be razed for bullet train

ਮਹਾਰਾਸ਼ਟਰ: ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੋਰੀਡੋਰ (ਬੁਲੇਟ ਟਰੇਨ) ਪ੍ਰਾਜੈਕਟ ਦੇ ਚਲਦਿਆਂ 13.36 ਹੈਕਟੇਅਰ ਖੇਤਰ ਵਿਚ ਫੈਲੇ ਕਰੀਬ 54 ਹਜ਼ਾਰ ਮੈਂਗਰੋਵ (ਦਰੱਖ਼ਤ) ਕੱਟੇ ਜਾਣਗੇ। ਸੂਬੇ ਦੇ ਆਵਾਜਾਈ ਮੰਤਰੀ ਦਿਵਾਕਰ ਰਾਵਤੇ ਨੇ ਬੀਤੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮੈਂਗਰੋਵ ਨੂੰ ਟਰੌਪੀਕਲ ਟ੍ਰੀ ਵੀ ਕਿਹਾ ਜਾਂਦਾ ਹੈ। ਦਿਵਾਕਰ ਰਾਨਤੇ ਨੇ ਸੂਬਾ ਵਿਧਾਨ ਸਭਾ ਪ੍ਰੀਸ਼ਦ ਵਿਚ ਸ਼ਿਵਸੈਨਾ ਦੀ ਕੌਂਸਲਰ ਮਨੀਸ਼ਾ ਕਾਅੰਦੇ ਦੇ ਇਕ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਸੂਬਾ ਸਰਕਾਰ ਨੇ ਇਸ ਡਾਲਰਾਂ ਦੇ ਪ੍ਰਾਜੈਕਟ ਲਈ ਕੱਟੇ ਜਾਣ ਵਾਲੇ ਹਰੇਕ ਦਰੱਖ਼ਤ ਦੇ ਸਥਾਨ ‘ਤੇ ਪੰਜ ਪੌਦੇ ਲਗਾਉਣ ਦੀ ਪੇਸ਼ਕਸ਼ ਕੀਤੀ ਹੈ।

ਉਹਨਾਂ ਨੇ ਕਿਹਾ ਕਿ ਨਵੀਂ ਮੁੰਬਈ ਦੇ ਕੁੱਝ ਹਿੱਸਿਆਂ ਵਿਚ ਹੜ੍ਹ ਆਉਣ ਦਾ ਕੋਈ ਡਰ ਨਹੀਂ ਰਹੇਗਾ ਕਿਉਂਕਿ ਇਹਨਾਂ ਖੇਤਰਾਂ ਵਿਚ ਮੈਂਗਰੋਵ ਨਹੀਂ ਕੱਟੇ ਜਾਣਗੇ। ਇਸ ਪ੍ਰਾਜੈਕਟ ਤਹਿਤ ਲੰਬੇ ਖੰਭੇ ਲਗਾਏ ਜਾਣਗੇ ਅਤੇ ਇਸ ਲਈ ਵਾਤਾਵਰਨ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ। ਰਾਵਤੇ ਨੇ ਅਪਣੇ ਲਿਖਤ ਜਵਾਬ ਵਿਚ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਕਿਸਾਨ ਮੁਆਵਜ਼ੇ ਲਈ ਅਪਣੀ ਜ਼ਮੀਨ ਦੇਣ ਲਈ ਸਹਿਮਤ ਹਨ। ਇਸ ਪ੍ਰਾਜੈਕਟ ਵਿਚ ਇਕ ਲੱਖ ਕਰੋੜ ਰੁਪਏ ਤੋਂ ਉੱਪਰ ਲਾਗਤ ਆਉਣ ਦੀ ਸੰਭਾਵਨਾ ਹੈ। ਇਸ ਦੇ ਲਈ ਜਪਾਨ ਇੰਟਰਨੈਸ਼ਨਲ ਕਾਰਪੋਰੇਸ਼ਨ ਏਜੰਸੀ (JICA) ਫੰਡ ਉਪਲਬਧ ਕਰਾਵੇਗੀ।

ਇਕ ਖ਼ਬਰ ਮੁਤਾਬਕ ਕਾਂਗਰਸ ਆਗੂ ਸ਼ਰਦ ਰਾਨਪਿਸੇ ਦੇ ਇਕ ਹੋਰ ਸਵਾਲ ਦੇ ਜਵਾਬ ਵਿਚ ਸੂਬਾ ਸਰਕਾਰ ਨੇ ਕਿਹਾ ਕਿ ਪ੍ਰਾਜੈਕਟ ਲਈ ਕੁੱਲ 1,379 ਹੈਕਟੇਅਰ ਦੀ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ। ਇਸ ਵਿਚ ਮਹਾਰਾਸ਼ਟਰ ਦੀ 275.65 ਹੈਕਟੇਅਰ ਨਿੱਜੀ ਜ਼ਮੀਨ ਹੈ।  ਮੁੰਬਈ ਵਿਚ ਇਸ ਪ੍ਰਾਜੈਕਟ ਲਈ ਸੂਬਾ ਸਰਕਾਰ ਵਿਖਰੋਲੀ ਵਿਚ 39.252 ਵਰਗ ਮੀਟਰ ਦੀ ਨਿੱਜੀ ਜ਼ਮੀਨ ਖਰੀਦੇਗੀ। ਸਰਕਾਰ 188 ਹੈਕਟੇਅਰ ਨਿੱਜੀ ਜ਼ਮੀਨ ਪ੍ਰਾਪਤ ਕੀਤੀ ਜਾਵੇਗੀ। ਪਾਲਘਰ ਜ਼ਿਲ੍ਹੇ ਵਿਚ 3, 498 ਪਰਵਾਰ ਪ੍ਰਭਾਵਿਤ ਹੋਣਗੇ। ਇਸ ਵਿਚੋਂ 2.95 ਹੈਕਟੇਅਰ ਜ਼ਮੀਨ ਸਰਕਾਰ ਨੇ ਖਰੀਦ ਲਈ ਹੈ। ਠਾਣੇ ਜ਼ਿਲ੍ਹੇ ਵਿਚ 84.81 ਹੈਕਟੇਅਰ ਜ਼ਮੀਨ ਦਾ ਮਾਲਕ 6,589 ਕਿਸਾਨ ਇਸ ਪ੍ਰਜੈਕਟ ਨਾਲ ਪ੍ਰਭਾਵਿਤ ਹੋਣ ਵਾਲੇ ਹਨ।