200 ਕਰੋੜ ਦੇ ਵਿਆਹ ਤੋਂ ਬਾਅਦ ਛੱਡੇ 4 ਟਨ ਕੂੜੇ ਲਈ ਦਿੱਤੇ ਸਿਰਫ਼ 54 ਹਜ਼ਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਓਲੀ ਵਿਚ 200 ਕਰੋੜ ਦੇ ਵਿਆਹ ਤੋਂ ਬਾਅਦ ਛੱਡੇ ਗਏ 4 ਟਨ ਕੂੜੇ ਨੂੰ ਸਾਫ਼ ਕਰਨ ਲਈ ਪਰਵਾਰ ਨੇ ਨਗਰ ਨਿਗਮ ਨੂੰ ਯੂਜ਼ਰ ਚਾਰਜ ਦੇ ਰੂਪ ਵਿਚ 54 ਹਜ਼ਾਰ ਰੁਪਏ ਦਿੱਤੇ ਹਨ।

Wedding worth Rs 200 crore leaves Auli with 4000 kg garbage

ਦੇਹਰਾਦੂਨ: ਉਤਰਾਖੰਡ ਦੇ ਓਲੀ ਵਿਚ 200 ਕਰੋੜ ਦੇ ਹਾਈ ਪ੍ਰੋਫਾਈਲ ਵਿਆਹ ਤੋਂ ਬਾਅਦ ਛੱਡੇ ਗਏ 4 ਟਨ ਕੂੜੇ ਨੂੰ ਸਾਫ਼ ਕਰਨ ਲਈ ਪਰਵਾਰ ਨੇ ਨਗਰ ਨਿਗਮ ਨੂੰ ਯੂਜ਼ਰ ਚਾਰਜ ਦੇ ਰੂਪ ਵਿਚ 54 ਹਜ਼ਾਰ ਰੁਪਏ ਦਿੱਤੇ ਹਨ। ਪਰਵਾਰ ਨੇ ਕੂੜੇ ਦੇ ਪ੍ਰਬੰਧ ਲਈ ਪੂਰਾ ਭੁਗਤਾਨ ਕਰਨ ‘ਤੇ ਸਹਿਮਤੀ ਜਤਾਈ ਹੈ। ਪਹਾੜੀ ਸ਼ਹਿਰ ਓਲੀ ਵਿਚ ਵਿਆਹ ਤੋਂ ਬਾਅਦ ਬਚੇ ਕੂੜੇ ਨੂੰ ਲੈ ਕੇ ਪਰਵਾਰ ਦੀ ਕਾਫ਼ੀ ਅਲੋਚਨਾ ਹੋ ਰਹੀ ਹੈ ਅਤੇ ਇਹ ਮਾਮਲਾ ਕੋਰਟ ਵਿਚ ਵੀ ਪਹੁੰਚ ਗਿਆ ਹੈ। ਨਗਰ ਪਾਲਿਕਾ ਪ੍ਰਧਾਨ ਸ਼ੈਲੇਂਦਰ ਪਵਾਰ ਨੇ ਕਿਹਾ ਕਿ ਗੁਪਤਾ ਪਰਵਾਰ ਨੇ ਯੂਜ਼ਰ ਚਾਰਜ ਦੇ ਰੂਪ ਵਿਚ 54 ਹਜ਼ਾਰ ਰੁਪਏ ਜਮ੍ਹਾਂ ਕੀਤੇ ਸਨ।

ਹੁਣ ਤੱਕ 150 ਕੁਇੰਟਲ ਤੋਂ ਜ਼ਿਆਦਾ ਕੂੜੇ ਦੀ ਸਫ਼ਾਈ ਕੀਤੀ ਜਾ ਚੁਕੀ ਹੈ। ਸਫ਼ਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ ਮੈਨੁਅਲ ਲੇਬਰ ਅਤੇ ਵਾਹਨਾਂ ਸਮੇਤ ਸਾਰੇ ਖਰਚਿਆਂ  ਦਾ ਬਿਲ ਬਣਾ ਕੇ ਉਹਨਾਂ ਨੂੰ ਭੇਜ ਦਿੱਤਾ ਜਾਵੇਗਾ। ਪਰਵਾਰ ਪੂਰੇ ਬਿਲ ਦਾ ਭੁਗਤਾਨ ਕਰਨ ਅਤੇ ਸਿਵਲ ਸੰਸਥਾ ਨੂੰ ਇਕ ਵਾਹਨ ਦੇਣ ਲਈ ਸਹਿਮਤ ਹੋ ਗਿਆ ਹੈ। ਨਗਰ ਨਿਗਮ ਨੇ ਕੂੜੇ ਨੂੰ ਸਾਫ਼ ਕਰਨ ਲਈ 20 ਕਰਮਚਾਰੀਆਂ ਨੂੰ ਤੈਨਾਤ ਕੀਤਾ ਹੈ। ਉਥੇ ਹੀ ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ  ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੂੜੇ ਕਾਰਨ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ‘ਤੇ 7 ਜੁਲਾਈ ਤੱਕ ਇਕ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਸ ਮਾਮਲੇ ਵਿਚ ਅਗਲੀ ਸੁਣਵਾਈ ਹੁਣ 8 ਜੁਲਾਈ ਨੂੰ ਹੈ। ਇਸ ਵਿਆਹ ਨੂੰ ਲੈ ਕੇ ਇਕ ਜਨਤਕ ਪਟੀਸ਼ਨ ਵੀ ਦਾਖ਼ਲ ਕੀਤੀ ਗਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਵਿਆਹ ਦੀਆਂ ਤਿਆਰੀਆਂ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਦੱਸ ਦਈਏ ਕਿ ਇਸ ਵਿਆਹ ਵਿਚ ਕੈਟਰੀਨਾ ਕੈਫ ਅਤੇ ਬਾਬਾ ਰਾਮਦੇਵ ਵਰਗੀਆਂ ਕਈ ਹਸਤੀਆਂ ਹਾਜ਼ਰ ਹੋਈਆਂ ਸਨ। ਇਸ ਵਿਆਹ ‘ਤੇ ਆਏ ਮਹਿਮਾਨਾਂ ਨੂੰ ਲਿਆਉਣ ਅਤੇ ਛੱਡਣ ਲਈ ਕਿਰਾਏ ‘ਤੇ ਹੈਲੀਕਾਪਟਰ ਲਏ ਗਏ ਸਨ।