ਅਮਰੀਕਾ ਤੋਂ ਡਿਪੋਰਟ ਹੋ ਕੇ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਪੁੱਜੇ 106 ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੱਥਕੜੀਆਂ ਜਹਾਜ਼ ਲੈਂਡ ਕਰਨ ਤੋਂ ਅੱਧਾ ਘੰਟਾ ਪਹਿਲਾਂ ਖੋਲ੍ਹੀਆਂ ਜਾਂਦੀਆਂ ਹਨ

Sri Guru Ram Dass Jee International Airport

ਰਾਜਾਸਾਂਸੀ (ਜਗਤਾਰ ਮਾਹਲਾ) : ਪੰਜਾਬ ਦੇ ਨੌਜਵਾਨਾਂ ਵਲੋਂ ਅਪਣੇ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਵਿਦੇਸ਼ ਜਾਣ ਦੀ ਚਾਹਤ ਨਾਲ ਪਿਛਲੇ ਸਮੇਂ ਤੋਂ ਅਨੇਕਾਂ ਨੌਜਵਾਨ ਕਠਿਨਾਈਆਂ, ਭੁੱਖੇ ਪਿਆਸੇ, ਪੈਦਲ ਚਲ, ਜੇਲ ਕੱਟ ਕੇ ਅਤੇ ਅਨੇਕਾਂ ਔਕੜਾਂ ਦਾ ਸਾਹਮਣਾ ਕਰ ਕੇ ਅਮਰੀਕਾ ਗਏ ਭਾਰਤੀਆਂ ਨੂੰ ਇਕ ਵਿਸ਼ੇਸ਼ ਜਹਾਜ਼ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਏਅਰਪੋਰਟ ਰਾਜਾਂਸਾਸੀ ਲੈ ਕੇ ਆਇਆ।

ਅਮਰੀਕਾ ਗ਼ੈਰਕਾਨੂੰਨੀ ਢੰਗ ਨਾਲ ਗਏ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਵਿੱਢੀ ਮੁਹਿੰਮ ਤਹਿਤ ਇਕ ਮਹੀਨੇ ਦੇ ਅੰਦਰ-ਅੰਦਰ ਤੀਜੀ ਉੜਾਨ ਪੰਜਾਬ, ਹਰਿਆਣਾ, ਦਿੱਲੀ ਅਤੇ ਯੂਪੀ ਦੇ 106 ਭਾਰਤੀ ਨੌਜਵਾਨਾਂ ਨੂੰ ਲੈ ਕੇ ਏਅਰਪੋਰਟ ਰਾਜਾਸਾਂਸੀ ਲੈ ਕੇ ਪੁੱਜੀ। ਅਮਰੀਕਾ ਗਏ ਜ਼ਿਲ੍ਹਾ ਤਰਨ ਤਾਰਨ ਦੇ ਘਰਿਆਲਾ ਦੇ ਨੌਜਵਾਨ ਗੁਰਸ਼ਰਨ ਸਿੰਘ ਦੀ ਪਤਨੀ ਵਰਿੰਦਰ ਕੌਰ ਨੇ ਦਸਿਆ ਕਿ ਮੇਰਾ ਪਤੀ ਇਕ ਏਜੰਟ ਦੇ ਬਹਿਕਾਵੇ ਵਿਚ ਆ ਕੇ ਅਪਣੇ ਘਰ ਦੀ ਗ਼ਰੀਬੀ ਦੂਰ ਕਰਨ ਵਾਸਤੇ ਕਰੀਬ ਸਵਾ ਸਾਲ ਪਹਿਲਾਂ ਘਰੋਂ ਅਮਰੀਕਾ ਲਈ ਤੁਰਿਆ ਸੀ ਤੇ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੋਇਆ ਗੁਆਂਢੀ ਦੇਸ਼ ਮੈਕਸੀਕੋ ਰਾਹੀਂ ਅਮਰੀਕਾ ਪੁਜਿਆ ਸੀ।

ਉਸ ਨੇ ਦਸਿਆ ਕਿ ਅਮਰੀਕਾ ਦਾਖ਼ਲ ਹੁੰਦਿਆਂ ਹੀ ਅਮਰੀਕਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਤੇ ਜੇਲ ਵਿਚ ਬੰਦ ਕਰ ਦਿਤਾ। ਸਵਾ ਸਾਲ ਚਲੀ ਕਨੂੰਨੀ ਪ੍ਰਕਿਰਿਆ ਤੋਂ ਬਾਅਦ ਗੁਰਸ਼ਰਨ ਸਿੰਘ ਨੂੰ ਵਾਪਸ ਭਾਰਤ ਭੇਜ ਦਿਤਾ ਹੈ। ਅਮਰੀਕਾ ਤੋਂ ਵਾਪਸ ਪੁੱਜੇ ਮਨਪ੍ਰੀਤ ਸਿੰਘ ਵਾਸੀ ਗੁਰਦਾਸਪੁਰ ਨੇ ਦਸਿਆ ਕਿ ਉਹ ਲੱਖਾਂ ਰੁਪਏ  ਖ਼ਰਚ ਕੇ ਇਕ ਏਜੰਟ ਰਾਹੀਂ ਮੈਕਸੀਕੋ ਬਾਡਰ ਦੀ ਕੰਧ ਟੱਪ ਕੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ। ਪੁਲਿਸ ਨੇ ਉਸ ਨੂੰ ਬਾਰਡਰ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਤੇ ਜੇਲ ਅੰਦਰ ਬੰਦ ਕਰ ਦਿਤਾ।  ਉਸ ਨੇ ਅਪਣੇ ਕੇਸ ਦੀ ਤਿੰਨ ਵਾਰ ਪੈਰਵਾਈ ਕੀਤੀ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ।

ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਵਿਚ ਅਮਰੀਕ ਸਿੰਘ, ਦਵਿੰਦਰ ਸਿੰਘ, ਅਜ਼ਾਦ ਕੂੰਡ, ਅਵਤਾਰ ਸਿੰਘ, ਨਰਿੰਦਰ ਸਿੰਘ, ਦਲਜੀਤ ਸਿੰਘ, ਮਨਦੀਪ ਸਿੰਘ, ਗੁਰਸ਼ਰਨ ਸਿੰਘ, ਬੂਟਾ ਸਿੰਘ, ਜ਼ਮੀਰ ਸਿੰਘ, ਬਲਵੀਰ ਸਿੰਘ, ਮਨਵੀਰ ਸਿੰਘ, ਹਰਜਿੰਦਰ ਸਿੰਘ, ਨਰੇਸ਼ ਕੁਮਾਰ, ਸੋਜੀਤ ਸਿੰਘ, ਅਨਵਰਦੀਰ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਸੰਨੀ ਕੁਮਾਰ ਚਰਨਜੀਤ ਵਰਿੰਦਰ ਸਿੰਘ ਯਾਦਵਿੰਦਰ ਸਿੰਘ, ਦਿਲਰਾਜ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਜਸਵੀਰ ਸਿੰਘ, ਮਨਪ੍ਰੀਤ ਸਿੰਘ, ਨਵਦੀਪ ਸਿੰਘ ਆਦਿ ਨੌਜਵਾਨ ਸਨ।